19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗਰੀਨਲੈਂਡ ਵਿਕਾਊ ਨਹੀਂ ਹੈ

ਅਜੀਤ ਡੈਸਕ 22-01-2026

ਪਿਛਲੇ ਦਿਨੀਂ ਗਰੀਨਲੈਂਡ ਦੀ ਆਬਾਦੀ ਦੇ ਇਕ ਚੌਥਾਈ ਲੋਕ ਇਥੋਂ ਦੀ ਰਾਜਧਾਨੀ ਨੂਯੂਕ ਵਿਚ ਇਕੱਠੇ ਹੋਏ। ਉਨ੍ਹਾਂ ਜ਼ੋਰਦਾਰ ਮੁਜ਼ਾਹਰਾ ਕੀਤਾ ਤੇ ਵਾਰ-ਵਾਰ ਇਹ ਕਿਹਾ ਕਿ 'ਗਰੀਨਲੈਂਡ ਵਿਕਾਊ ਨਹੀਂ ਹੈ।' ਇਸ ਲਈ ਕਿ ਦੁਨੀਆ ਦੀ ਮਹਾਸ਼ਕਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਜ਼ਰਾਂ ਹੁਣ ਦੁਨੀਆ ਦੇ ਇਸ ਸਭ ਤੋਂ ਵੱਡੇ ਟਾਪੂ 'ਤੇ ਟਿਕੀਆਂ ਹੋਈਆਂ ਹਨ, ਜੋ ਯੂਰਪੀ ਦੇਸ਼ ਡੈਨਮਾਰਕ ਦਾ ਹਿੱਸਾ ਹੈ। ਚਾਹੇ ਕਾਫੀ ਸਮੇਂ ਤੋਂ ਇਸ ਟਾਪੂ ਨੂੰ ਅਰਧ-ਖ਼ੁਦਮੁਖਤਿਆਰ ਇਲਾਕਾ ਐਲਾਨ ਦਿੱਤਾ ਗਿਆ ਹੈ, ਪਰ ਇਸ ਦਾ ਵੱਡੀ ਪੱਧਰ 'ਤੇ ਪ੍ਰਸ਼ਾਸਨ ਡੈਨਮਾਰਕ ਹੀ ਚਲਾਉਂਦਾ ਹੈ। ਗਰੀਨਲੈਂਡ ਦੀ ਵਾਰਤਾ ਕੁਝ ਔਖੀ ਤੇ ਅਨੋਖੀ ਹੈ। ਇਹ ਆਰਕਟਿਕ 'ਤੇ ਅਟਲਾਂਟਿਕ ਮਹਾਸਾਗਰ ਦੇ ਵਿਚਕਾਰ ਸਥਿਤ ਹੈ।
ਚਾਹੇ ਇਹ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਮੰਨਿਆ ਜਾਂਦਾ ਹੈ ਤੇ ਇਸ ਦਾ ਖੇਤਰਫਲ ਮਾਤਰ 21,66,086 ਲੱਖ ਵਰਗ ਕਿੱਲੋਮੀਟਰ ਹੈ। ਪਰ ਇਸ ਦਾ ਬਹੁਤਾ ਹਿੱਸਾ ਹਮੇਸ਼ਾ ਬਰਫ਼ ਨਾਲ ਢਕਿਆ ਰਹਿਣ ਕਾਰਨ ਇਸ ਦੀ ਆਬਾਦੀ ਮਹਿਜ਼ 57 ਹਜ਼ਾਰ ਦੇ ਲਗਭਗ ਹੀ ਹੈ। ਇਹ ਉੱਤਰੀ ਅਮਰੀਕੀ ਮਹਾਦੀਪ ਨਾਲ ਲੱਗਦਾ ਹੈ, ਜਿਸ ਮਹਾਦੀਪ ਦੇ ਵੱਡੇ ਦੇਸ਼ ਅਮਰੀਕਾ ਤੇ ਕੈਨੇਡਾ ਹਨ। ਕੈਨੇਡਾ ਵੀ ਖੇਤਰਫਲ ਪੱਖੋਂ ਬਹੁਤ ਵਿਸ਼ਾਲ ਦੇਸ਼ ਹੈ, ਜਿਸ ਦੀ ਸਰਹੱਦ ਦਾ ਇਕ ਛੋਟਾ ਜਿਹਾ ਹਿੱਸਾ ਗਰੀਨਲੈਂਡ ਨਾਲ ਲੱਗਦਾ ਹੈ। ਲਗਭਗ ਪਿਛਲੇ 300 ਸਾਲਾਂ ਤੋਂ ਬਸਤੀਵਾਦ ਦੇ ਯੁੱਗ 'ਚ ਇਹ ਡੈਨਮਾਰਕ ਤੇ ਨਾਰਵੇ ਦੇ ਪ੍ਰਸ਼ਾਸਨ ਹੇਠ ਰਿਹਾ ਹੈ। ਦੋਹਾਂ ਦੇਸ਼ਾਂ ਦੇ ਵੱਖ ਹੋਣ ਨਾਲ ਇਹ ਲਗਭਗ 200 ਸਾਲ ਪਹਿਲਾਂ ਡੈਨਮਾਰਕ ਦਾ ਹਿੱਸਾ ਬਣਿਆ ਸੀ।
ਪਿਛਲੇ ਕੁਝ ਦਹਾਕਿਆਂ ਤੋਂ ਇਸ ਉੱਤੇ ਕੁਝ ਵੱਡੇ ਦੇਸ਼ਾਂ ਦੀਆਂ ਨਜ਼ਰਾਂ ਇਸ ਲਈ ਟਿਕੀਆਂ ਰਹੀਆਂ ਹਨ, ਕਿਉਂਕਿ ਇਕ ਅੰਦਾਜ਼ੇ ਅਨੁਸਾਰ ਇਹ ਟਾਪੂ ਅਜਿਹੇ ਦੁਰਲੱਭ ਖਣਿਜ ਪਦਾਰਥਾਂ ਨਾਲ ਭਰਪੂਰ ਹੈ, ਜੋ ਬੇਹੱਦ ਕੀਮਤੀ ਮੰਨੇ ਜਾਂਦੇ ਹਨ। ਪਿਛਲੇ ਕਾਫੀ ਸਮੇਂ ਤੋਂ ਰੂਸ ਨੇ ਵੀ ਇਸ ਦੇ ਨੇੜੇ-ਤੇੜੇ ਵੱਡੀਆਂ ਸਰਗਰਮੀਆਂ ਸ਼ੁਰੂ ਕਰ ਰੱਖੀਆਂ ਹਨ। ਇਸੇ ਹੀ ਤਰ੍ਹਾਂ ਅਮਰੀਕਾ ਨੇ ਵੀ ਇਸ ਪਾਸੇ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ। ਪਹਿਲਾਂ ਵੀ ਕੁਝ ਅਮਰੀਕੀ ਰਾਸ਼ਟਰਪਤੀ ਇੱਥੇ ਕਬਜ਼ਾ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹੇ ਹਨ, ਪਰ ਹਾਲਾਤ ਦੇ ਮੱਦੇਨਜ਼ਰ ਉਹ ਇਸ ਪਾਸੇ ਆਪਣੇ ਹੱਥ ਅੱਗੇ ਨਹੀਂ ਵਧਾ ਸਕੇ। ਇਕ ਵਕਫ਼ੇ ਤੋਂ ਬਾਅਦ ਦੂਸਰੀ ਵਾਰ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੇ ਸੱਤਾ ਸੰਭਾਲਦਿਆਂ ਹੀ ਗਰੀਨਲੈਂਡ 'ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਜੱਗ-ਜ਼ਾਹਿਰ ਕਰ ਦਿੱਤੀ ਸੀ। ਅੱਜ ਟਰੰਪ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਨੀਤੀਆਂ ਕਾਰਨ ਦੁਨੀਆ ਭਰ 'ਚ ਇਕ ਤਰ੍ਹਾਂ ਨਾਲ ਖਲਬਲੀ ਮਚੀ ਹੋਈ ਹੈ। ਟਰੰਪ ਨੇ ਆਪਣੀ ਵਿਸਥਾਰਵਾਦੀ ਨੀਤੀ ਕਾਰਨ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨੂੰ ਨਜ਼ਰਬੰਦ ਤੱਕ ਕਰ ਲਿਆ ਹੈ। ਆਪਣੇ ਬੇਬਾਕ ਬਿਆਨਾਂ ਕਰਕੇ ਉਸ ਨੇ ਸਦੀਆਂ ਤੋਂ ਆਪਣੇ ਗੁਆਂਢੀ ਰਹੇ ਦੇਸ਼ ਕੈਨੇਡਾ ਨੂੰ ਵੀ ਆਪਣਾ 51ਵਾਂ ਸੂਬਾ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੋਈ ਹੈ ਜਿਸ ਨਾਲ ਉਸ ਦੇ ਆਪਣੇ ਇਸ ਗੁਆਂਢੀ ਦੇਸ਼ ਨਾਲ ਸੰਬੰਧ ਵੀ ਵਿਗੜਦੇ ਨਜ਼ਰ ਆ ਰਹੇ ਹਨ। ਹੁਣ ਟਰੰਪ ਨੇ ਗਰੀਨਲੈਂਡ ਨੂੰ ਹੜਪਣ ਲਈ ਲਗਾਤਾਰ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਗਰੀਨਲੈਂਡ ਕਿਉਂਕਿ ਡੈਨਮਾਰਕ ਦਾ ਹਿੱਸਾ ਹੈ ਤੇ ਡੈਨਮਾਰਕ ਯੂਰਪੀ ਸੰਘ ਦਾ ਇਕ ਹਿੱਸਾ ਹੈ, ਜਿਸ ਵਿਚ ਕਿ ਇਸ ਖਿੱਤੇ ਦੇ 27 ਦੇਸ਼ ਸ਼ਾਮਿਲ ਹਨ। ਯੂਰਪੀ ਸੰਘ ਦੇ ਵਧੇਰੇ ਦੇਸ਼ ਨਾਟੋ ਦੇ ਵੀ ਮੈਂਬਰ ਹਨ। ਨਾਟੋ ਦੇ ਸਮਝੌਤੇ ਦੀ ਧਾਰਾ 5 ਵਿਚ ਇਹ ਦਰਜ ਹੈ ਕਿ ਨਾਟੋ ਦੇ ਕਿਸੇ ਵੀ ਦੇਸ਼ ਉਤੇ ਹੋਇਆ ਹਮਲਾ ਯੂਰਪੀ ਸੰਘ 'ਤੇ ਹਮਲਾ ਸਮਝਿਆ ਜਾਏਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਰੀਨਲੈਂਡ ਸੰਬੰਧੀ ਬਿਆਨਬਾਜ਼ੀ ਤੋਂ ਯੂਰਪੀਅਨ ਸੰਘ ਦੇ ਦੇਸ਼ ਬੇਹੱਦ ਬੇਚੈਨ ਹੋ ਗਏ ਹਨ। ਪਿਛਲੇ ਦਿਨੀਂ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ ਅਤੇ ਸਵੀਡਨ ਆਦਿ ਦੇਸ਼ਾਂ ਨੇ ਇਸ ਸੰਬੰਧੀ ਤਿੱਖੀਆਂ ਪ੍ਰਤੀਕਿਰਿਆਵਾਂ ਪ੍ਰਗਟ ਕਰਦੇ ਹੋਏ ਟਰੰਪ ਦੇ ਬਿਆਨਾਂ 'ਤੇ ਸਖ਼ਤ ਇਤਰਾਜ਼ ਹੀ ਨਹੀਂ ਪ੍ਰਗਟ ਕੀਤਾ ਸਗੋਂ ਇਸ ਵਿਚੋਂ ਕੁਝ ਦੇਸ਼ਾਂ ਨੇ ਗਰੀਨਲੈਂਡ ਵਿਚ ਆਪਣੀਆਂ ਫ਼ੌਜੀ ਟੁਕੜੀਆਂ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਹੋਰ ਵੀ ਗੁੱਸੇ 'ਚ ਆਏ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਨਾਲ ਦਰਾਮਦ-ਬਰਾਮਦ ਦਾ ਜੋ ਸਮਝੌਤਾ ਜੁਲਾਈ, 2025 'ਚ ਕੀਤਾ ਸੀ ਉਸ ਸੰਬੰਧੀ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਇਨ੍ਹਾਂ ਉਪਰੋਕਤ ਦੇਸ਼ਾਂ 'ਤੇ 10 ਫ਼ੀਸਦੀ ਟੈਰਿਫ ਲਗਾ ਰਿਹਾ ਹੈ ਜੋ ਆਉਂਦੇ ਮਹੀਨਿਆਂ 'ਚ ਇਹ 25 ਫ਼ੀਸਦੀ ਕਰ ਦਿੱਤਾ ਜਾਏਗਾ। ਇਸ ਸੰਬੰਧੀ ਯੂਰਪੀਅਨ ਦੇਸ਼ਾਂ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਇਹ ਕਿਹਾ ਹੈ ਕਿ ਉਹ ਡੋਨਾਲਡ ਟਰੰਪ ਦੀਆਂ ਧਮਕੀਆਂ ਨੂੰ ਬਲੈਕਮੇਲਿੰਗ ਸਮਝਦੇ ਹਨ। ਯੂਰਪੀ ਕਮਿਸ਼ਨ ਦੀ ਚੀਫ਼ ਉਰਸੁਲਾ ਵਾਨ ਡੇਰ ਲੇਆਨ ਤੇ ਯੂਰਪੀ ਅਖੰਡਤਾ ਸਮਿਤੀ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਵੀ ਆਪਣੇ ਸਾਂਝੇ ਬਿਆਨ 'ਚ ਕਿਹਾ ਹੈ ਕਿ ਯੂਰਪ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਇਕਜੁੱਟ ਰਹੇਗਾ ਤੇ ਟਰੰਪ ਦੀਆਂ ਟੈਰਿਫ਼ ਧਮਕੀਆਂ ਤੋਂ ਨਹੀਂ ਡਰੇਗਾ। ਇਸ ਨਾਲ ਆਉਂਦੇ ਦਿਨਾਂ 'ਚ ਇਸ ਮਸਲੇ 'ਤੇ ਤਕਰਾਰ ਹੋਰ ਵੀ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ, ਜਿਸ ਨਾਲ ਅਮਰੀਕਾ ਵੀ ਇਕ ਅਜਿਹੀ ਸਥਿਤੀ 'ਚ ਆ ਖੜ੍ਹਾ ਹੋਵੇਗਾ, ਜਿਸ ਨਾਲ ਬਹੁਤੇ ਦੇਸ਼ ਸਹਿਮਤ ਨਹੀਂ ਹੋਣਗੇ। ਅੱਜ ਡੋਨਾਲਡ ਟਰੰਪ ਦੀਆਂ ਅਜਿਹੀਆਂ ਨੀਤੀਆਂ ਕਾਰਨ ਅਮਰੀਕਾ ਭਰ 'ਚ ਵੀ ਬਹੁਤੀਆਂ ਥਾਵਾਂ 'ਤੇ ਉਸ ਦੇ ਵਿਰੋਧ ਵਿਚ ਲਹਿਰ ਉੱਠਣੀ ਸ਼ੁਰੂ ਹੋ ਗਈ ਹੈ, ਜਿਸ ਦਾ ਪ੍ਰਭਾਵ ਟਰੰਪ ਦੇ ਨਾਲ-ਨਾਲ ਅਮਰੀਕਾ ਦੇ ਅੰਦਰੂਨੀ ਹਾਲਾਤ 'ਤੇ ਪੈਣਾ ਵੀ ਕੁਦਰਤੀ ਹੈ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਭਾਰਤ ਦੀ ਸੁਚੱਜੀ ਕੂਟਨੀਤਕ ਪਹਿਲ-ਗਣਤੰਤਰ ਦਿਵਸ 'ਤੇ ਯੂਰਪੀਅਨ ਮਹਿਮਾਨ ਅਗਲੀ ਖ਼ਬਰ ਦੁਸ਼ਮਣ ਦੀਆਂ ਕਮਜ਼ੋਰੀਆਂ ਨੂੰ ਸਮਝਣ ਲਈ ਉਨ੍ਹਾਂ ਹੱਥਕੰਡਿਆਂ ਦਾ ਅਧਿਐਨ ਜ਼ਰੂਰੀ ਹੈ, ਜਿਨ੍ਹਾਂ ਤੋਂ ਉਹ ਡਰਾ ਰਿਹਾ ਹੈ। -ਆਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।