11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਾਗ਼ ਤੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਅਗਸਤ ਸਤੰਬਰ

ਬਾਗ਼ ਤੇ ਬੂਟੇ ਲਾਉਣ ਦਾ ਢੁਕਵਾਂ ਸਮਾਂ ਅਗਸਤ ਸਤੰਬਰ

ਅਜੀਤ ਡੈਸਕ 11-08-2026

ਬਾਗ਼ ਬਗੀਚੇ ਤੇ ਨਵੇਂ ਬੂਟੇ ਲਗਾਉਣ ਲਈ ਇਹ ਅਗਸਤ ਸਤੰਬਰ ਦਾ ਸਮਾਂ ਬੜਾ ਢੁਕਵਾਂ ਹੈ। ਇਸ ਮੌਸਮ ਵਿਚ ਲਾਏ ਬੂਟੇ ਵਧੀਆ ਚਲਦੇ ਹਨ। ਖੇਤੀਬਾੜੀ 'ਚ ਫ਼ਸਲੀ ਭਿੰਨਤਾ ਲਿਆਉਣ ਅਤੇ ਸਿਹਤ ਨੂੰ ਬਰਕਰਾਰ ਰੱਖਣ ਲਈ ਫ਼ਲਦਾਰ ਬੂਟਿਆਂ ਦਾ ਲਾਉਣਾ ਬਹੁਤ ਅਹਿਮੀਅਤ ਰੱਖਦਾ ਹੈ। ਇਨਾਂ ਦੀ ਮਹੱਤਤਾ ਔਸ਼ਧੀ ਦੇ ਰੂਪ ਵਿਚ ਵੀ ਮੰਨੀ ਜਾਂਦੀ ਹੈ। ਫ਼ਲਾਂ ਦੀ ਖ਼ਪਤ ਵਧਾਉਣ ਲਈ ਹਰ ਖ਼ਪਤਕਾਰ ਨੂੰ ਆਪਣੇ ਬਗੀਚੇ ਵਿਚ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਫ਼ਲਾਂ ਦੇ ਬੂਟੇ ਇਸ ਸਮੇਂ ਲਾ ਦੇਣੇ ਚਾਹੀਦੇ ਹਨ। ਨਵੇਂ ਬਾਗ਼ਾਂ 'ਚ ਅਤੇ ਨਵੀਂਆਂ ਥਾਵਾਂ 'ਤੇ ਫ਼ਲਾਂ ਦੇ ਬੂਟੇ ਲਾਉਣ ਲਈ ਇਨ੍ਹਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਸਾਈਕਲਾਂ ਅਤੇ ਰੇਹੜੀ ਵਾਲਿਆਂ ਤੋਂ ਖਰੀਦੇ ਬੂਟੇ ਨੁਕਸਾਨਦੇਹ ਸਾਬਤ ਹੋ ਸਕਦੇ ਹਨ, ਜਿਸ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ ਕਿਉਂਕਿ ਬੂਟਿਆਂ ਦੀ ਖਰੀਦ ਦਾ ਖ਼ਰਚਾ, ਢੋਆ ਢੁਆਈ ਦਾ ਖ਼ਰਚਾ, ਲੇਬਰ ਆਦਿ 'ਤੇ ਕੀਤਾ ਖ਼ਰਚਾ ਅਤੇ ਚਾਰ ਪੰਜ ਸਾਲ ਤੱਕ ਬਿਨਾਂ ਫ਼ਲ ਦੇ ਰਹਿਣਾ ਪੈ ਸਕਦਾ ਹੈ। ਬੂਟੇ ਬਾਗ਼ਬਾਨੀ ਵਿਭਾਗ, ਪੀ.ਏ.ਯੂ. ਅਤੇ ਨੈਸ਼ਨਲ ਬਾਗ਼ਬਾਨੀ ਬੋਰਡ ਦੀਆਂ ਪ੍ਰਮਾਣਿਤ ਨਰਸਰੀਆਂ ਤੋਂ ਹੀ ਖਰੀਦਣੇ ਚਾਹੀਦੇ ਹਨ। ਫ਼ਲਦਾਰ ਬੂਟਿਆਂ 'ਚ ਨਿੰਬੂ ਜਾਤੀ, ਅਮਰੂਦ, ਅੰਬ, ਬੇਰ, ਲੀਚੀ, ਚੀਕੂ, ਪਪੀਤਾ, ਲੁਕਾਠ, ਖਜੂਰ ਅਤੇ ਬਿੱਲ ਆਦਿ ਦੇ ਬੂਟੇ ਅਗਸਤ ਸਤੰਬਰ ਤੱਕ ਸਫ਼ਲਤਾਪੂਰਵਕ ਲਾਏ ਜਾ ਸਕਦੇ ਹਨ। ਇਸੇ ਤਰ੍ਹਾਂ ਨਾਖ, ਆੜੂ, ਅਲੂਚਾ, ਅਨਾਰ, ਫਾਲਸਾ ਤੇ ਅੰਜੀਰ ਜਨਵਰੀ ਫਰਵਰੀ ਮਹੀਨੇ ਵਿਚ ਲਾਏ ਜਾ ਸਕਦੇ ਹਨ। ਆਂਵਲਾਂ ਤੇ ਕੇਲਾ ਫਰਵਰੀ ਮਾਰਚ ਤੋਂ ਇਲਾਵਾ ਅੱਜ-ਕੱਲ੍ਹ ਵੀ ਲਾਏ ਜਾ ਸਕਦੇ ਹਨ। ਬਰਸਾਤ ਰੁੱਤ 'ਚ ਲੱਗਣ ਵਾਲੇ ਸਾਰੇ ਸਦਾਬਹਾਰ ਬੂਟੇ ਨਰਸਰੀਆਂ ਤੋਂ ਲਿਆਉਣ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਬੂਟਿਆਂ ਦੀ ਗਾਚੀ ਨਾ ਟੁੱਟੇ। ਅਮਰੂਦ ਇਲਾਹਾਬਾਦੀ ਸਫੈਦਾ, ਪੰਜਾਬ ਸਫੈਦਾ, ਹਿਸਾਰ, ਸਫੈਦਾ, ਪੰਜਾਬ ਕਿਰਨ, ਪੰਜਾਬ ਪਿੰਕ, ਹਿਸਾਰ ਸੁਰਖ ਕਿਸਮਾਂ 'ਚੋਂ ਲਾਇਆ ਜਾਵੇ। ਅੰਬ ਪੂਸਾ ਹਾਈਬ੍ਰਿਡ ਅਮਰਪਾਲੀ, ਮਲਿਕਾ ਆਦਿ ਜਿਹੀਆਂ ਮੱਧਰੀਆਂ ਕਿਸਮਾਂ ਜਾਂ ਰਵਾਇਤੀ ਦੁਸਹਿਰੀ, ਮਲਿਕਾ, ਅਲਫੈਂਜ਼ੋ, ਲੰਗੜਾ, ਚੌਸਾ ਅਤੇ ਚੂਪਣ ਲਈ ਗੰਗੀਆ, ਸੰਧੂਰੀ, , ਜੀਐਨ 1, ਜੀਐਨ 2, ਜੀਐਨ 3, ਜੀਐਨ 4, ਜੀਐਨ 5, ਜੀਐਨ 6 ਅਤੇ ਜੀਐਨ 17 ਕਿਸਮਾਂ 'ਚੋਂ ਲਾਏ ਜਾ ਸਕਦੇ ਹਨ। ਲੀਚੀ ਦਹਿਰਾਦੂਨ, ਕਲਕੱਤੀਆ ਤੇ ਸੀਡਲੈੱਸ ਲੇਟ ਅਤੇ ਆਂਵਲਾ ਐਨਏ 7, ਐਨਏ 10, ਬਲਵੰਤ, ਨੀਲਮ, ਕੰਚਨ, ਚਕੱਈਆ ਕਿਸਮਾਂ 'ਚੋਂ, ਪਪੀਤਾ ਹਨੀ ਡਿਊ, ਪੂਸਾ ਡਿਲੀਸ਼ੀਅਸ, ਪੰਜਾਬ ਸਵੀਟ ਰੈੱਡ ਲੇਡੀ 786 ਕਿਸਮਾਂ 'ਚੋਂ, ਅੰਜੀਰ ਲੋਕਲ ਅਤੇ ਬਰਾਊਨ ਟਰਕੀ 'ਚੋਂ ਆੜੂ ਸ਼ਾਨੇ ਪੰਜਾਬ, ਪ੍ਰਤਾਪ, ਫਲੋਰੋਡਾ ਪ੍ਰਿੰਸ, ਅਰਲੀ ਗ੍ਰੈਂਡ, ਪ੍ਰਭਾਤ, ਪੰਜਾਬ ਨੈਕਟਰੀਨ ਅਤੇ ਬਿੱਲ ਦੀਆਂ ਲੋਕਲ ਅਤੇ ਕਾਗਜ਼ੀ ਕਿਸਮਾਂ ਲਗਾਈਆਂ ਜਾ ਸਕਦੀਆਂ ਹਨ। ਬੇਰ ਦੀਆਂ ਉਮਰਾਨ ਅਤੇ ਸਨੋਰਾ ਨੰਬਰ 2 ਜਿਹੀਆਂ ਕਿਸਮਾਂ 'ਚੋਂ ਕੋਈ ਵੀ ਕਿਸਮ ਲਾਈ ਜਾ ਸਕਦੀ ਹੈ।
ਘਰੇਲੂ ਬਗ਼ੀਚੀਆਂ 'ਚ ਫ਼ਲਦਾਰ ਬੂਟੇ ਲਾਉਣ ਨਾਲ ਜਿੱਥੇ ਪੌਸ਼ਟਿਕਤਾ ਪ੍ਰਾਪਤ ਹੁੰਦੀ ਹੈ, ਉੱਥੇ ਆਰਥਿਕ ਤੇ ਜਿਸਮਾਨੀ ਤੌਰ 'ਤੇ ਵਿਅਕਤੀ ਖ਼ੁਸ਼ਹਾਲ ਤੇ ਸਿਹਤਮੰਦ ਰਹਿੰਦਾ ਹੈ। ਅਮਰੂਦ ਫ਼ਲ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਰਹਿੰਦੀ, ਇਸ ਦੇ ਖਾਣ ਨਾਲ ਵਿਟਾਮਿਨ-ਸੀ ਮਿਲਦਾ ਹੈ। ਬਲੱਡ ਪ੍ਰੈਸ਼ਰ ਘੱਟ ਕਰਨ 'ਚ ਵੀ ਇਹ ਫ਼ਲ ਸਹਾਈ ਹੁੰਦਾ ਹੈ। ਇਸ 'ਚ ਫਾਇਬਰ ਬਹੁਤ ਮਾਤਰਾ 'ਚ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਫ਼ਲ ਬਹੁਤ ਹੀ ਲਾਭਦਾਇਕ ਹੈ। ਅਮਰੂਦ ਵਿਚ ਕਾਪਰ ਵੀ ਕਾਫ਼ੀ ਮਾਤਰਾ 'ਚ ਹੁੰਦਾ ਹੈ। ਕਾਪਰ ਥਾਇਰਾਇਡ ਘੱਟ ਕਰਨ 'ਚ ਸਹਾਈ ਹੁੰਦਾ ਹੈ। ਵਿਟਾਮਿਨ-ਬੀ3 ਅਤੇ ਵਿਟਾਮਿਨ-ਬੀ6 ਵੀ ਅਮਰੂਦ ਫ਼ਲ 'ਚ ਮੌਜੂਦ ਹੈ। ਅਮਰੂਦ ਦਿਲ ਤੇ ਦਿਮਾਗ ਨੂੰ ਵੀ ਸਹੀ ਰੱਖਦਾ ਹੈ। ਆਂਵਲਾ, ਨਿੰਬੂ ਜਾਤੀ ਦੇ ਫ਼ਲਾਂ 'ਚ ਅਤੇ ਸਟਰਾਬਰੀ ਤੇ ਬੇਰ ਵਿਚ ਵਿਟਾਮਿਨ-ਸੀ ਕਾਫ਼ੀ ਮਾਤਰਾ 'ਚ ਉਪਲਬਧ ਹੁੰਦਾ ਹੈ, ਜੋ ਦੰਦਾਂ ਲਈ ਲਾਹੇਵੰਦ ਹੈ ਤੇ ਜ਼ਖ਼ਮਾਂ ਨੂੰ ਜਲਦੀ ਠੀਕ ਕਰਨ 'ਚ ਸਹਾਈ ਹੁੰਦੇ ਹਨ। ਗਰੇਪ ਫਰੂਟ ਅਤੇ ਬਿੱਲ ਮਨੁੱਖ ਨੂੰ ਸਿਹਤਮੰਦ ਰੱਖਣ ਲਈ ਸਹਾਈ ਹੁੰਦੇ ਹਨ ਤੇ ਭੁੱਖ ਵਧਾਉਂਦੇ ਹਨ। ਕਿੰਨੂ 'ਚ ਵਿਟਾਮਿਨ-ਸੀ ਮੌਜੂਦ ਹੈ। ਇਸ 'ਚ ਲਿਮੋਨਿਨ ਦੀ ਮਾਤਰਾ ਖ਼ਾਸ ਕਰਕੇ ਜੂਸ ਵਿਚ ਵਧੇਰੇ ਹੋਣ ਕਾਰਨ ਕੋਲੈਸਟਰੋਲ ਤੇ ਕੈਂਸਰ ਵਰਗੇ ਰੋਗਾਂ ਨੂੰ ਦੂਰ ਰੱਖਣ 'ਚ ਸਮਰੱਥ ਹੈ। ਅੰਜੀਰ, ਲਾਈਮ, ਲੈਮਨ ਤੇ ਆਂਵਲੇ ਵਿਚ ਕੈਲਸ਼ੀਅਮ ਦੀ ਮਾਤਰਾ ਬਹੁਤ ਹੁੰਦੀ ਹੈ, ਜਿਸ ਕਰਕੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਆੜੂ, ਫਾਲਸਾ, ਬੇਰ ਆਦਿ ਫ਼ਲਾਂ 'ਚ ਪੋਟਾਸ਼ੀਅਮ ਕਾਫੀ ਮਾਤਰਾ ਵਿਚ ਹੁੰਦਾ ਹੈ, ਜਿਸ ਲਈ ਇਹ ਫ਼ਲ ਦਮੇ ਤੇ ਸਾਹ ਸੰਬੰਧੀ ਤਕਲੀਫ਼ਾਂ ਦੂਰ ਕਰਨ 'ਚ ਲਾਭਕਾਰੀ ਹਨ।
ਬਾਗ਼ਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ (ਰਿਟਾ.) ਡਾ. ਸਵਰਨ ਸਿੰਘ ਮਾਨ ਜੋ ਪਟਿਆਲਾ ਅਮਰੂਦ ਅਸਟੇਟ ਸਥਾਪਤ ਕਰਨ 'ਚ ਕਾਰਗ਼ਰ ਰਹੇ ਹਨ, ਅਨੁਸਾਰ ਪੰਜਾਬ 'ਚ ਅਮਰੂਦ ਦੀ ਬਾਗਬਾਨੀ ਕਾਫ਼ੀ ਰਕਬੇ 'ਤੇ ਹੈ ਪਰ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਸਾਲ ਵਿਚ ਦੋ ਵਾਰ ਫ਼ਲ ਦੇਣ ਕਾਰਨ ਇਹ ਬਾਗ਼ਬਾਨਾਂ ਲਈ ਲਾਹੇਵੰਦ ਹੈ। ਡਾ. ਮਾਨ ਕਹਿੰਦੇ ਹਨ ਕਿ ਨਵੇਂ ਬੂਟੇ ਅਜਿਹੀਆਂ ਥਾਵਾਂ 'ਤੇ ਲਾਉਣੇ ਚਾਹੀਦੇ ਹਨ, ਜਿੱਥੇ ਉੱਚ ਬਾਉਂਡਰੀ ਅਤੇ ਹਵਾ ਰੋਕੂ ਵਾੜਾਂ ਲੱਗੀਆਂ ਹੋਣ। ਹਵਾ ਰੋਕੂ ਵਾੜਾਂ ਲਗਾਉਣ ਲਈ ਦੇਸੀ ਅੰਬ, ਜਾਮੁਨ, ਬਿੱਲ, ਬੋਗਨਵਿਲੀਆ ਅਤੇ ਸ਼ਹਿਤੂਤ ਦੇ ਦਰੱਖ਼ਤ ਵੀ ਲਾਏ ਜਾ ਸਕਦੇ ਹਨ। ਇਨ੍ਹਾਂ ਹਵਾ ਰੋਕੂ ਦਰੱਖਤਾਂ ਤੋਂ ਪ੍ਰਾਪਤ ਹੋਣ ਵਾਲੇ ਫ਼ਲਾਂ ਤੋ ਵਾਧੂ ਆਮਦਨ ਵੀ ਹੋਵੇਗੀ। ਨਵੇਂ ਲਾਏ ਬੂਟਿਆਂ ਨੂੰ ਸਿੱਧੀ ਧੁੱਪ ਅਤੇ ਸੂਰਜ ਤੋਂ ਬਚਾਉਣ ਲਈ ਇਨ੍ਹਾਂ ਨੂੰ ਪਲਾਸਟਿਕ ਦੀ ਸ਼ੀਟ ਜਾਂ ਪਰਾਲੀ ਆਦਿ ਨਾਲ ਢੱਕ ਦੇਣਾ ਚਾਹੀਦਾ ਹੈ। ਬੂਟਿਆਂ ਦੇ ਲਾਉਣ ਮਗਰੋਂ ਮਰੇ ਹੋਏ, ਰੋਗੀ ਤੇ ਵਾਧੂ ਸ਼ਾਖਾਵਾਂ ਨੂੰ ਕੱਟ ਦੇਣਾ ਚਾਹੀਦਾ ਹੈ। ਨਵੇਂ ਲਾਏ ਬੂਟਿਆਂ ਨੂੰ ਪਹਿਲੇ ਸਾਲ ਕੋਈ ਰਸਾਇਣਕ ਖਾਦ ਨਹੀਂ ਪਾਉਣੀ ਚਾਹੀਦੀ। ਇਕ ਸਾਲ ਮਗਰੋਂ ਪੀ.ਏ.ਯੂ. ਵਲੋਂ ਸਿਫ਼ਾਰਸ਼ਸ਼ੁਦਾ ਖਾਦ ਹੀ ਬੂਟਿਆਂ ਨੂੰ ਦੇਣੀ ਚਾਹੀਦੀ ਹੈ। ਨਵੇਂ ਲਾਏ ਫ਼ਲਦਾਰ ਬੂਟਿਆਂ ਨੂੰ ਗਰਮੀਆਂ 'ਚ ਹਫ਼ਤੇ ਬਾਅਦ ਅਤੇ ਸਰਦੀਆਂ 'ਚ ਦੋ ਹਫ਼ਤੇ ਬਾਅਦ ਪਾਣੀ ਦੇਣਾ ਚਾਹੀਦਾ ਹੈ। ਆੜੂ, ਨਾਖ, ਅਨਾਰ, ਫਾਲਸਾ, ਅਲੂਚਾ, ਆਦਿ ਫ਼ਲਦਾਰ ਬੂਟਿਆਂ ਨੂੰ ਨਵੰਬਰ ਤੋਂ ਦਸੰਬਰ ਦੇ ਮਹੀਨਿਆਂ 'ਚ ਪਾਣੀ ਨਹੀਂ ਦੇਣਾ ਚਾਹੀਦਾ ਤਾਂ ਜੋ ਉਨ੍ਹਾਂ ਬੂਟਿਆਂ ਦੀ ਪੱਤਝੜ ਚੰਗੀ ਤਰ੍ਹਾਂ ਹੋ ਜਾਵੇ। ਪਾਣੀ ਦੀ ਸੁਚੱਜੀ ਵਰਤੋਂ ਲਈ ਤੁਪਕਾ ਸਿੰਜਾਈ ਪ੍ਰਣਾਲੀ ਦੀ ਵਰਤੋਂ ਕਰਨੀ ਲਾਭਦਾਇਕ ਹੋਵੇਗੀ। ਪਪੀਤਾ ਲਾਉਣ ਲੱਗਿਆਂ ਇਸ ਦੇ ਬੂਟਿਆਂ 'ਚ ਨਰ ਅਤੇ ਮਾਦਾ ਦੋਵੇਂ ਬੂਟੇ ਹੋਣੇ ਚਾਹੀਦੇ ਹਨ ਤਾਂ ਹੀ ਫ਼ਲ ਪ੍ਰਾਪਤ ਹੋਵੇਗਾ।

ਪਿਛਲੀ ਖ਼ਬਰ ਪਟਨਾ ਵਿਖੇ ਆਜ਼ਾਦੀ ਦਿਹਾਡ਼ੇ ਸੰਬੰਧੀ ਕੱਢੀ ਜਾਣ ਵਾਲੀ ‘ਤਿਰੰਗਾ ਯਾਤਰਾ’.... ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ 1.75 ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।