![]()
ਤੁਸੀਂ ਹੈਰਾਨ ਹੋਵੋਗੇ ਕਿ ਭਾਰਤ ਦੇ ਇਕ ਕੋਨੇ ਵਿਚ ਅੱਜ ਵੀ ਆਦਿਵਾਸੀ ਰਹਿੰਦੇ ਹਨ। ਉਹ ਜੰਗਲੀ ਜੀਵਨ ਬਤੀਤ ਕਰਦੇ ਹਨ। ਜੰਗਲੀ ਭੋਜਨ ਖਾਂਦੇ ਹਨ। ਕੱਪੜੇ ਨਹੀਂ ਪਹਿਨਦੇ। ਪੱਤਿਆਂ ਨਾਲ ਸਰੀਰ ਢਕਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕੋਲ ਕੋਈ ਆਧੁਨਿਕ ਸਹੂਲਤ ਨਹੀਂ। ਉਹ ਸਿਆਹ ਕਾਲੇ ਰੰਗ ਦੇ ਹਨ। ਜੇਕਰ ਕੋਈ ਆਧੁਨਿਕ ਮਨੁੱਖ ਗ਼ਲਤੀ ਨਾਲ ਉਨ੍ਹਾਂ ਦੇ ਨੇੜੇ ਚਲਾ ਜਾਵੇ ਤਾਂ ਉਸ ਨੂੰ ਮਾਰ ਦਿੰਦੇ ਹਨ।
ਇਹ ਭਾਰਤ ਦੇ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਰਹਿ ਰਹੀ ਜਾਰਾਵਾਸ ਜਨਜਾਤੀ ਹੈ।
ਇਹ 50000 ਸਾਲਾਂ ਤੋਂ ਇਨ੍ਹਾਂ ਟਾਪੂਆਂ ਦੇ ਜੰਗਲਾਂ ਵਿਚ ਅਲੱਗ-ਥਲੱਗ ਰਹਿ ਕੇ ਆਪਣੀ ਪਰੰਪਾਰਿਕ ਜੀਵਨ-ਸ਼ੈਲੀ ਅਨੁਸਾਰ ਜੀਅ ਰਹੇ ਹਨ।
ਸਾਲ 2026 ਦੇ ਅੰਕੜਿਆਂ ਅਨੁਸਾਰ ਇਨ੍ਹਾਂ ਦੀ ਗਿਣਤੀ 250-450 ਦਰਮਿਆਨ ਹੋ ਸਕਦੀ ਹੈ।
ਇਹ ਤੀਰ-ਧਨੁਸ਼ ਨਾਲ ਜੰਗਲੀ ਜਾਨਵਰਾਂ ਅਤੇ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਇਸ ਤੋਂ ਇਲਾਵਾ ਫਲ, ਪੱਤੇ, ਸ਼ਹਿਦ ਮੁੱਖ ਖੁਰਾਕ ਵਜੋਂ ਵਰਤਦੇ ਹਨ।
ਇਹ ਜਨਜਾਤੀ ਟਾਪੂ ਤੋਂ ਬਾਹਰੀ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਬਚਦੀ ਹੈ। ਉਹ ਆਧੁਨਿਕ ਮਨੁੱਖ ਤੋਂ ਡਰਦੇ ਹਨ। ਇਸ ਲਈ ਵੇਖਦੇ ਸਾਰ ਹੀ ਉਸ 'ਤੇ ਹਮਲਾ ਕਰ ਦਿੰਦੇ ਹਨ।
ਇਹ ਸਥਿਤੀ 1990 ਤੱਕ ਬਣੀ ਰਹੀ। ਬਾਅਦ ਵਿਚ ਥੋੜ੍ਹਾ ਬਹੁਤ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਾਡੇ ਦੁਸ਼ਮਣ ਨਹੀਂ ਹਨ।
ਇਕ ਡਾਕਟਰ ਰਤਨ ਚੰਦਰ ਕਾਰ ਨੂੰ ਉਨ੍ਹਾਂ ਵਿਚ ਘੁਲਣ ਮਿਲਣ ਦਾ ਮੌਕਾ ਮਿਲਿਆ। ਜਿਹੜਾ ਲੋੜ ਵੇਲੇ ਉਨ੍ਹਾਂ ਦੀ ਮੱਲ੍ਹਮ-ਪੱਟੀ ਜਾਂ ਹੋਰ ਇਲਾਜ ਕਰਦਾ ਸੀ।
ਡਾਕਟਰ ਰਤਨ ਚੰਦਰ ਕਾਰ ਦੇ ਦੱਸਣ ਅਨੁਸਾਰ ਜਾਰਾਵਾਸ ਜਨਜਾਤੀ ਦੇ ਲੋਕਾਂ ਨੂੰ ਆਧੁਨਿਕ ਮਨੁੱਖ ਵਾਲੀਆਂ ਕੋਈ ਵੀ ਬਿਮਾਰੀਆਂ ਨਹੀਂ ਹਨ ਕਿਉਂਕਿ ਉਹ ਕੁਦਰਤ ਕੋਲ, ਕੁਦਰਤ ਅਨੁਸਾਰ ਰਹਿੰਦੇ ਹਨ ਅਤੇ ਕੁਦਰਤੀ ਖੁਰਾਕ ਖਾਂਦੇ ਹਨ।
ਉਨ੍ਹਾਂ ਨੂੰ ਨਾ ਬੀ.ਪੀ. ਦੀ ਸਮੱਸਿਆ ਹੈ। ਨਾ ਸ਼ੂਗਰ ਦੀ ਸ਼ਿਕਾਇਤ ਹੈ। ਨਾ ਦਿਲ ਦੀ ਕੋਈ ਬਿਮਾਰੀ ਹੈ ਅਤੇ ਨਾ ਹੀ ਉਹ ਕੈਂਸਰ ਤੋਂ ਪੀੜਤ ਹਨ।
ਜਾਰਾਵਾਸ ਜਨਜਾਤੀ ਦੇ ਅਧਿਕਾਰਾਂ, ਸੰਸਕ੍ਰਿਤੀ ਅਤੇ ਜੀਵਨ-ਸ਼ੈਲੀ ਦੀ ਸੁਰੱਖਿਆ ਲਈ ਭਾਰਤ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਬਾਹਰੀ ਲੋਕਾਂ ਦੀ ਆਵਾਜਾਈ ਮੁਕੰਮਲ ਤੌਰ 'ਤੇ ਰੋਕੀ ਹੋਈ ਹੈ, ਤਾਂ ਜੋ ਉਨ੍ਹਾਂ ਦੀ ਹੋਂਦ ਅਤੇ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਜਾਰਾਵਾਸ ਲੋਕਾਂ ਦਾ ਕੱਦ ਛੋਟਾ, ਰੰਗ ਕਾਲਾ ਅਤੇ ਵਾਲ ਘੁੰਗਰਾਲੇ ਹਨ।
ਇਨ੍ਹਾਂ ਨੂੰ ਅੰਡੇਮਾਨ ਨਿਕੋਬਾਰ ਟਾਪੂਆਂ ਦੇ ਮੂਲ ਨਿਵਾਸੀਆਂ ਦੀ ਇਕ ਜਨਜਾਤੀ ਮੰਨਿਆ ਜਾਂਦਾ ਹੈ। ਇਹ ਜਾਤੀ ਹਜ਼ਾਰਾਂ ਸਾਲਾਂ ਤੋਂ ਇੱਥੇ ਰਹਿ ਰਹੀ ਹੈ।
ਉਨ੍ਹਾਂ ਟਾਪੂਆਂ 'ਤੇ ਯਾਤਰੀਆਂ ਦਾ ਜਾਣਾ ਸਖਤ ਮਨ੍ਹਾਂ ਹੈ। ਹਾਂ ਸੜਕ ਕਿਨਾਰੇ ਇਕ ਜਗ੍ਹਾ ਤੋਂ ਜਾਰਾਵਾਸ ਲੋਕਾਂ ਨੂੰ ਵੇਖਣ ਦਾ ਮੌਕਾ ਮਿਲ ਸਕਦਾ ਹੈ। ਪਰੰਤੂ ਇਹ ਯਾਤਰੀਆਂ ਦੀ ਯਾਤਰਾ ਦਾ ਹਿੱਸਾ ਨਹੀਂ ਹੁੰਦਾ।
ਉਨ੍ਹਾਂ ਨੂੰ ਮਿਲਣ, ਉਨ੍ਹਾਂ ਦੇ ਨੇੜੇ ਜਾਣ ਜਾਂ ਖਾਣ-ਪੀਣ ਦੀ ਕੋਈ ਚੀਜ਼ ਦੇਣ ਦੀ ਸਖ਼ਤ ਮਨਾਹੀ ਹੈ।
ਜਾਰਾਵਾਸ ਜਾਤੀ ਨੂੰ ਸਭ ਤੋਂ ਖ਼ਤਰਨਾਕ ਅਤੇ ਦੁਸ਼ਮਣ ਜਨਜਾਤੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਵੇਂ ਸਮੇਂ ਨਾਲ ਉਨ੍ਹਾਂ ਦੇ ਵਿਹਾਰ ਵਿਚ ਥੋੜ੍ਹੀ ਥੋੜ੍ਹੀ ਤਬਦੀਲੀ ਆ ਰਹੀ ਹੈ।
ਡਾਕਟਰ ਰਤਨ ਚੰਦਰ ਕਾਰ ਨੇ ਸੰਸਕ੍ਰਿਤਕ ਸਨਮਾਨ ਅਤੇ ਇਲਾਜ-ਮੁਹਾਰਤ ਦੇ ਮਾਧਿਅਮ ਰਾਹੀਂ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ।
ਖਸਰੇ ਦੀ ਮਹਾਂਮਾਰੀ ਦੌਰਾਨ ਉਨ੍ਹਾਂ ਦਾ ਇਲਾਜ ਕਰਕੇ 100 ਤੋਂ ਵਧੇਰੇ ਰੋਗੀਆਂ ਨੂੰ ਠੀਕ ਕੀਤਾ। ਡਾਕਟਰ ਕਾਰ ਨੇ ਕਦਮਤਲਾ ਹਸਪਤਾਲ ਵਿਚ ਇਕ ਵਿਸ਼ੇਸ਼ ਜਾਰਾਵਾਸ ਵਾਰਡ ਸਥਾਪਿਤ ਕੀਤਾ ਜਿਥੇ ਉਨ੍ਹਾਂ ਦੀਆਂ ਪਰੰਪਰਿਕ ਮਾਨਤਾਵਾਂ ਨੂੰ ਆਧੁਨਿਕ ਇਲਾਜ ਨਾਲ ਇਕਮਿਕ ਕੀਤਾ।
ਡਾਕਟਰ ਕਾਰ ਦੇ ਸਮਰਪਣ ਲਈ ਉਨ੍ਹਾਂ ਨੂੰ ਸਾਲ 2023 ਵਿਚ ਪਦਮਸ੍ਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਜਾਰਾਵਾਸ ਲੋਕਾਂ ਦੀ ਜਨਸੰਖਿਆ, ਜਿਹੜੀ 1998 ਵਿਚ 255-260 ਸੀ ਤੋਂ ਵਧਾ ਕੇ 560 ਤੱਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਜਦ 1998 ਵਿਚ ਡਾਕਟਰ ਕਾਰ ਨੇ ਪਹਿਲੀ ਵਾਰ ਜਾਰਾਵਾਸ ਜਨਜਾਤੀ ਦੇ ਇਲਾਕੇ ਦਾ ਦੌਰਾ ਕੀਤਾ ਤਾਂ ਉਨ੍ਹਾਂ ਵੇਖਿਆ ਕਿ ਸਿਹਤ ਪੱਖੋਂ ਉਹ ਸਾਰੇ ਚੰਗੀ ਸਥਿਤੀ ਵਿਚ ਸਨ। ਉਨ੍ਹਾਂ ਦੀ ਸਿਹਤ ਆਧੁਨਿਕ ਮਨੁੱਖ ਨਾਲੋਂ ਕਈ ਤਰ੍ਹਾਂ ਨਾਲ ਬਿਹਤਰ ਸੀ। ਕੇਵਲ ਸੱਟਾਂ-ਚੋਟਾਂ ਹੀ ਸਨ।
ਇਕ ਵਾਰ ਇਕ ਰਾਤ ਨੂੰ ਇਕ ਜਾਰਾਵਾਸ ਨੌਜਵਾਨ ਤਿਲਕ ਪਿਆ ਅਤੇ ਉਸ ਦਾ ਪੈਰ ਟੁੱਟ ਗਿਆ। ਉਹ ਨੇੜੇ ਦੀ ਇਕ ਬਸਤੀ ਵਿਚੋਂ ਮਿਲਿਆ।
ਬਸਤੀ ਦੇ ਲੋਕ ਉਸ ਨੂੰ ਪੋਰਟ ਬਲੇਅਰ ਦੇ ਹਸਪਤਾਲ ਲੈ ਗਏ। ਉਥੇ ਉਸ ਦਾ ਦੋ ਮਹੀਨੇ ਇਲਾਜ ਚੱਲਿਆ। ਜਦ ਉਹ ਠੀਕ ਹੋ ਗਿਆ ਤਾਂ ਉਸ ਨੂੰ ਵਾਪਿਸ ਜਾਰਾਵਾਸ ਲੋਕਾਂ ਕੋਲ ਲਿਆਂਦਾ ਗਿਆ। ਉਨ੍ਹਾਂ ਦੋ ਮਹੀਨਿਆਂ ਦੌਰਾਨ ਉਸ ਭਾਈਚਾਰੇ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ।
ਜਦ ਉਸ ਨੌਜਵਾਨ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਕਿਵੇਂ ਦੇਖ ਭਾਲ ਕੀਤੀ ਗਈ ਹੈ ਤਾਂ ਸੁਣ ਕੇ ਜਾਰਾਵਾਸ ਲੋਕਾਂ ਨੇ ਅਜਨਬੀਆਂ 'ਤੇ ਤੀਰ ਕਮਾਨ ਨਾਲ ਹਮਲੇ ਨਾ ਕਰਨ ਦਾ ਸੰਕਲਪ ਲਿਆ।
ਇੰਝ 1998 ਵਿਚ ਉਨ੍ਹਾਂ ਨੇ ਬਾਹਰੀ ਲੋਕਾਂ ਨਾਲ ਮੇਲ ਜੋਲ ਆਰੰਭ ਕੀਤਾ। ਆਧੁਨਿਕ ਮਨੁੱਖ ਨਾਲ ਗੱਲਬਾਤ ਸ਼ੁਰੂ ਕਰਨ ਬਾਅਦ ਉਹ ਖਸਰਾ ਜਿਹੀਆਂ ਛੂਤ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਲੱਗੇ। ਕਈ ਜਾਰਾਵਾਸ ਲੋਕ ਮਰ ਰਹੇ ਸਨ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਨ੍ਹਾਂ ਦੀ ਜਨਜਾਤੀ ਖ਼ਤਮ ਹੋ ਜਾਵੇਗੀ।
ਕੇਂਦਰ ਸਰਕਾਰ ਨੇ ਉਥੇ ਡਾਕਟਰ ਭੇਜਣ ਦਾ ਫੈਸਲਾ ਕੀਤਾ। ਡਾਕਟਰ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤੇ ਗਏ ਪਰੰਤੂ ਬਹੁਤ ਘੱਟ ਹੁੰਗਾਰਾ ਮਿਲਿਆ।
ਡਾਕਟਰ ਰਤਨ ਚੰਦਰ ਕਾਰ ਪਹਿਲਾਂ ਨਾਗਾਲੈਂਡ ਵਿਚ ਕੋਨਆਕ ਜਨਜਾਤੀ ਲਈ ਕੰਮ ਕਰ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਜਾਰਾਵਾਸ ਜਨਜਾਤੀ ਨਾਲ ਕੰਮ ਕਰਨ ਵਿਚ ਦਿਲਚਸਪੀ ਵਿਖਾਈ।
ਇੰਝ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਨਿਯੁਕਤੀ ਅੰਡੇਮਾਨ ਦੇ ਕਦਮਤਲਾ ਹਸਪਤਾਲ ਵਿਖੇ ਕਰ ਦਿੱਤੀ। ਡਾਕਟਰ ਕਾਰ ਨੇ ਇਹ ਚੁਣੌਤੀ ਸਵੀਕਾਰ ਕੀਤੀ ਅਤੇ ਖੁਦ ਨੂੰ ਜਾਰਾਵਾਸ ਜਨਜਾਤੀ ਲਈ ਸਮਰਪਿਤ ਕਰ ਦਿੱਤਾ। ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਸੀ।
ਉਨ੍ਹਾਂ ਨੇ 4-5 ਮਹੀਨਿਆਂ ਵਿਚ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਸਮਝਿਆ ਅਤੇ ਭਾਸ਼ਾ ਵਿਚ ਮੁਹਾਰਿਤ ਹਾਸਲ ਕਰ ਲਈ। ਉਹ ਉਨ੍ਹਾਂ ਪ੍ਰਤੀ ਸਨੇਹ ਵਿਖਾਉਣ ਲਈ ਘਰ ਘਰ ਗਏ।
ਜਾਰਾਵਾਸ ਜਨਜਾਤੀ ਦੀ ਆਪਣੀ ਇਲਾਜ-ਪ੍ਰਣਾਲੀ ਹੈ। ਡਾਕਟਰ ਕਾਰ ਉਸ ਤੋਂ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਦੇ ਪਰੰਪਰਿਕ ਇਲਾਜ-ਢੰਗ ਦਾ ਸਨਮਾਨ ਕਰਦੇ ਹੋਏ ਉਸ ਦੇ ਨਾਲ ਆਧੁਨਿਕ ਇਲਾਜ-ਪ੍ਰਣਾਲੀਆਂ ਦਾ ਪ੍ਰਯੋਗ ਕਰਨ ਲੱਗੇ। ਉਹ ਉਨ੍ਹਾਂ ਨੂੰ ਸਮਝਾਉਂਦੇ ਕਿ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੋਣਾ ਚਾਹੀਦਾ ਹੈ।
ਹਸਪਤਾਲ ਵਿਚ ਉਨ੍ਹਾਂ ਲਈ ਵੱਖਰਾ ਵਾਰਡ ਬਣਾਇਆ ਅਤੇ ਉਸ ਨੂੰ ਉਨ੍ਹਾਂ ਦੀਆਂ ਲੋੜਾਂ ਅਤੇ ਮਾਹੌਲ ਮੁਤਾਬਕ ਦਿੱਖ ਦਿੱਤੀ। ਪਰ ਫਿਰ ਵੀ ਉਹ ਸ਼ੁਰੂ ਵਿਚ ਉਸ ਨੂੰ ਜੇਲ੍ਹ ਸਮਝਦੇ ਰਹੇ।
ਉਸ ਵਾਰਡ ਵਿਚ ਕੇਵਲ ਡਾਕਟਰ ਕਾਰ ਅਤੇ ਉਨ੍ਹਾਂ ਦੀ ਟੀਮ ਨੂੰ ਹੀ ਜਾਣ ਦੀ ਇਜਾਜ਼ਤ ਸੀ ਅਤੇ ਪੁਲਿਸ 24 ਘੰਟੇ ਨਿਗਰਾਨੀ ਕਰਦੀ ਸੀ। ਇੰਝ ਇਲਾਜ ਮਿਲਣ ਨਾਲ ਇਹ ਜਨਜਾਤੀ ਖ਼ਤਮ ਹੋਣ ਤੋਂ ਬਚ ਗਈ।
ਹੁਣ ਉਥੇ ਬੱਚਿਆਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਭਾਰਤ ਦੇ ਸਭ ਤੋਂ ਪ੍ਰਾਚੀਨ ਜਨਜਾਤੀ ਸਮੂਹਾਂ ਵਿਚੋਂ ਇਕ ਹੈ। ਆਪਣੀ ਇਕਾਂਤ ਜੀਵਨ-ਸ਼ੈਲੀ ਅਤੇ ਪ੍ਰਕਿਰਤੀ ਨਾਲ ਗੂੜ੍ਹੇ ਸੰਬੰਧਾਂ ਲਈ ਪ੍ਰਸਿੱਧ ਜਾਰਾਵਾਸ ਜਨਜਾਤੀ ਨੇ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ।
ਉਹ ਜਰਵਾ ਭਾਸ਼ਾ ਬੋਲਦੇ ਹਨ ਜਿਸਦੀ ਕੋਈ ਲਿਖਤੀ ਲਿਪੀ ਉਪਲਬੱਧ ਨਹੀਂ ਹੈ। ਅੰਡੇਮਾਨ ਟਰੰਕ ਰੋਡ ਜਾਰਾਵਾਸ ਵਰਜਿਤ ਖੇਤਰ ਵਿਚੋਂ ਹੋ ਕੇ ਲੰਘਦੀ ਹੈ। ਇਸ ਨਾਲ ਗ਼ੈਰ-ਕਾਨੂੰਨੀ ਆਵਾਜਾਈ, ਸ਼ੋਸ਼ਨ ਅਤੇ ਜਨਜਾਤੀ ਦੇ ਲੋਕਾਂ ਦਾ ਬਿਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਵਧ ਗਿਆ ਹੈ।
ਭਾਰਤੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸੁਰੱਖਿਆ ਦੇ ਸੰਬੰਧ ਵਿਚ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬਿਨਾਂ ਆਗਿਆ ਦੇ ਇਸ ਖੇਤਰ ਵਿਚ ਜਾਣਾ ਸਖਤ ਮਨ੍ਹਾਂ ਹੈ।
ਆਧੁਨਿਕ ਮਨੁੱਖ ਦੇ ਕੁਝ ਕੁ ਸੰਪਰਕ ਵਿਚ ਆਉਣ ਬਾਅਦ ਭਾਵੇਂ ਉਨ੍ਹਾਂ ਨੇ ਕੁਝ ਆਧੁਨਿਕ ਵਸਤੂਆਂ ਨੂੰ ਆਪਣੇ ਜੀਵਨ ਵਿਚ ਸ਼ਾਮਿਲ ਕਰ ਲਿਆ ਹੈ, ਫਿਰ ਵੀ ਉਨ੍ਹਾਂ ਦੀ ਜੀਵਨ-ਸ਼ੈਲੀ ਕਾਫ਼ੀ ਹੱਦ ਤੱਕ ਪਰੰਪਰਿਕ ਹੀ ਹੈ।
ਉਹ ਛੋਟੇ-ਛੋਟੇ ਸਮੂਹਾਂ ਵਿਚ ਰਹਿੰਦੇ ਹਨ ਅਤੇ ਇਕ ਸਰਲ ਸਮਾਜਕ ਸੰਰਚਨਾ ਦਾ ਪਾਲਣ ਕਰਦੇ ਹਨ। ਉਨ੍ਹਾਂ ਦਾ ਸਮਾਜ, ਸਹਿਯੋਗ ਅਤੇ ਸਾਧਨਾਂ ਦੇ ਬਟਵਾਰੇ 'ਤੇ ਆਧਾਰਿਤ ਹੈ। ਉਹ ਪੱਤਿਆਂ ਅਤੇ ਟਹਿਣੀਆਂ ਦਾ ਪ੍ਰਯੋਗ ਕਰਕੇ ਆਰਜ਼ੀ ਟਿਕਾਣੇ ਬਣਾਉਂਦੇ ਹਨ।
ਉਹ ਆਪਸ ਵਿਚ ਭੋਜਨ ਸਾਂਝਾ ਕਰਦੇ ਹਨ। ਸਿੱਪੀਆਂ, ਮੋਤੀਆਂ ਅਤੇ ਹੱਡੀਆਂ ਤੋਂ ਬਣੇ ਪਰੰਪਰਿਕ ਗਹਿਣੇ ਪਹਿਨਦੇ ਹਨ। ਸੰਗੀਤ ਅਤੇ ਨਾਚ ਉਨ੍ਹਾਂ ਦੇ ਉਤਸਵਾਂ ਦਾ ਅਟੁੱਟ ਅੰਗ ਹੈ।
ਇਨ੍ਹਾਂ ਸੰਬੰਧੀ ਹੋਰ ਜਾਣਕਾਰੀ ਇਕੱਤਰ ਕਰਨਾ, ਖੋਜ-ਪੜਤਾਲ ਕਰਨਾ ਮਨੁੱਖੀ ਵਿਗਿਆਨ ਨੂੰ ਸਮਝਣ ਲਈ ਬੇਹੱਦ ਮਹੱਤਵਪੂਰਨ ਹੈ।
ਇਹ ਭਾਰਤੀ ਜਨਜਾਤੀ ਵਿਰਾਸਤ ਦਾ ਅਹਿਮ ਹਿੱਸਾ ਹੈ।