13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਜ਼ਾਦੀ ਤੋਂ ਹੁਣ ਤੱਕ ਦਾ ਔਰਤ ਦਾ ਸਫ਼ਰ

ਆਜ਼ਾਦੀ ਤੋਂ ਹੁਣ ਤੱਕ ਦਾ ਔਰਤ ਦਾ ਸਫ਼ਰ

ਅਜੀਤ ਡੈਸਕ 13-08-2026

ਇਤਿਹਾਸ ਨੂੰ  ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਨਾਰੀ ਕੇਵਲ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਨਿਰਮਾਤਾ ਹੈ | ਉਸਦੇ ਹੋਂਦ ਤੋਂ ਬਿਨਾਂ ਮਨੁੱਖੀ ਸੱਭਿਆਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | 'ਨਾਰੀ ਹਾਂ ਸਿਰਜਣਹਾਰੀ ਹਾਂ ਮੈਂ' ਸਿਰਫ਼ ਇਕ ਪੰਕਤੀ ਨਹੀਂ, ਬਲਕਿ ਨਾਰੀ ਦੇ ਆਤਮ-ਸਮਰਥਨ ਅਤੇ ਸਵੈ-ਮਾਣ ਦੀ ਸਚਾਈ ਹੈ | ਭਾਰਤੀ ਪਰੰਪਰਾ ਵਿਚ ਨਾਰੀ ਨੂੰ  ਦੇਵੀ ਦੇ ਰੂਪ ਵਿਚ ਸਵੀਕਾਰਿਆ ਗਿਆ ਹੈ |   ਰਾਜਨੀਤਿਕ ਖੇਤਰ ਰਾਣੀ ਲਕਸ਼ਮੀ ਬਾਈ ਤੋਂ ਲੈ ਕੇ ਅੱਜ ਤੱਕ ਅਨੇਕਾਂ ਔਰਤਾਂ ਨੇ ਆਪਣੀ ਪੈੜਾਂ ਦੇ ਨਿਸ਼ਾਨ ਛੱਡੇ ਹਨ | ਇਹ ਸਾਬਤ ਕੀਤਾ ਕਿ ਨਾਰੀ ਫ਼ੈਸਲੇ ਲੈਣ ਅਤੇ ਅਗਵਾਈ ਕਰਨ ਵਿਚ ਮਰਦਾਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ | ਸਿੱਖ ਇਤਿਹਾਸ ਵਿਚ ਮਾਈ ਭਾਗੋ ਦੀ ਬਹਾਦਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਨਾਰੀ ਜੰਗ ਦੇ ਮੈਦਾਨ ਵਿਚ ਵੀ ਅਡੋਲ ਖੜ੍ਹੀ ਰਹਿ ਸਕਦੀ ਹੈ | ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵਰਗੀਆਂ ਅÏਰਤਾਂ ਨੇ ਆਪਣੇ ਸੁਪਨਿਆਂ ਨੂੰ  ਹਕੀਕਤ ਬਣਾਇਆ ਅਤੇ ਸੰਸਾਰ ਭਰ ਦੀਆਂ ਅÏਰਤਾਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਹਨ | ਖੇਡਾਂ ਵਿਚ ਮੈਰੀ ਕਾਮ, ਪੀ.ਪੀ. ਊਸ਼ਾ, ਸਾਨੀਆ ਮਿਰਜ਼ਾ, ਹਰਮਨਪ੍ਰੀਤ ਅਤੇ ਅਨੇਕਾਂ ਹੋਰ ਔਰਤਾਂ ਨੇ ਕਈ ਵਾਰ ਵਿਸ਼ਵ ਖਿਤਾਬ ਜਿੱਤ ਕੇ ਇਹ ਦਰਸਾਇਆ ਕਿ ਨਾਰੀ ਵਿਚ ਅਸੀਮ ਸੰਭਾਵਨਾਵਾਂ ਹਨ |
ਸਾਹਿਤਕ ਅਤੇ ਸਮਾਜਿਕ ਖੇਤਰ ਵਿਚ ਵੀ ਨਾਰੀ ਨੇ ਆਪਣੀ ਅਲੱਗ ਪਹਿਚਾਣ ਬਣਾਈ ਹੈ | ਪੰਜਾਬੀ ਸਾਹਿਤ ਵਿਚ ਅਨੇਕਾਂ ਹੀ ਔਰਤ ਲੇਖਿਕਾਵਾਂ ਨੇ ਆਪਣੀ ਕਲਮ ਰਾਹੀਂ ਔਰਤ ਦੇ ਮਨ ਦੀ ਆਵਾਜ਼ ਨੂੰ  ਸੰਸਾਰ ਤੱਕ ਪਹੁੰਚਾਇਆ | 
ਫਿਰ ਵੀ ਇਹ ਕੌੜੀ ਹਕੀਕਤ ਹੈ ਕਿ ਅੱਜ ਵੀ ਕਈ ਥਾਵਾਂ 'ਤੇ ਨਾਰੀ ਨੂੰ  'ਅਬਲਾ' ਕਹਿ ਕੇ ਉਸਦੀ ਸਮਰੱਥਾ ਨੂੰ  ਘਟਾਇਆ ਜਾਂਦਾ ਹੈ | ਕਈ ਸਮਾਜਿਕ ਬੁਰਾਈਆਂ–ਜਿਵੇਂ ਦਾਜ ਪ੍ਰਥਾ, ਲਿੰਗ-ਭੇਦ, ਘਰੇਲੂ ਹਿੰਸਾ, ਜਬਰ ਜਨਾਹ ਵਰਗੇ ਕੁਕਰਮ ਅਜੇ ਵੀ ਮੌਜੂਦ ਹਨ | ਪਰ ਆਧੁਨਿਕ ਨਾਰੀ ਹੁਣ ਚੁੱਪ ਨਹੀਂ ਰਹਿੰਦੀ |  'ਨਾ ਹੀ ਅਬਲਾ ਤੇ ਨਾ ਹੀ ਵਿਚਾਰੀ ਹਾਂ ਮੈਂ' ਦਾ ਭਾਵ ਇਹ ਹੈ ਕਿ ਨਾਰੀ ਆਪਣੀ ਕਮਜ਼ੋਰੀ ਦੀ ਮਿਥਕ ਨੂੰ  ਤੋੜ ਰਹੀ ਹੈ | ਉਹ ਆਪਣੇ ਫ਼ੈਸਲੇ ਖੁਦ ਲੈਂਦੀ ਹੈ, ਆਪਣੇ ਸੁਪਨਿਆਂ ਦੀ ਪੂਰੀ ਕਰਨ ਲਈ ਦਿ੍ੜ੍ਹਤਾ ਨਾਲ ਅੱਗੇ ਵਧਦੀ ਹੈ | ਅੱਜ ਦੀ ਨਾਰੀ ਡਾਕਟਰ, ਇੰਜੀਨੀਅਰ, ਅਧਿਆਪਕਾ, ਪਾਇਲਟ, ਵਿਗਿਆਨੀ, ਉਦਯੋਗਪਤੀ ਅਤੇ ਪ੍ਰਸ਼ਾਸਕ ਦੇ ਰੂਪ ਵਿਚ ਸਮਾਜ ਦੀ ਰੀੜ੍ਹ ਦੀ ਹੱਡੀ ਬਣੀ ਹੋਈ ਹੈ |
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਨਾਰੀ ਨੂੰ  ਦਇਆ ਜਾਂ ਹਮਦਰਦੀ ਦੇ ਨਜ਼ਰੀਏ ਨਾਲ ਨਹੀਂ, ਸਗੋਂ ਸਮਾਨਤਾ ਅਤੇ ਸਨਮਾਨ ਦੇ ਨਜ਼ਰੀਏ ਨਾਲ ਵੇਖੀਏ | ਘਰ ਅਤੇ ਸਮਾਜ ਵਿਚ ਉਸ ਦੀ ਭੂਮਿਕਾ ਨੂੰ  ਮਾਨਤਾ ਦੇਣੀ ਚਾਹੀਦੀ ਹੈ | ਕਾਨੂੰਨੀ ਹੱਕਾਂ ਦੇ ਨਾਲ-ਨਾਲ ਮਨੋਵਿ੍ਤੀ ਵਿਚ ਬਦਲਾਅ ਵੀ ਲਾਜ਼ਮੀ ਹੈ | ਪੁੱਤਰ ਅਤੇ ਧੀ ਵਿਚ ਭੇਦਭਾਵ ਖਤਮ ਕਰਨਾ, ਸਿੱਖਿਆ ਦੇ ਸਮਾਨ ਮੌਕੇ ਦੇਣਾ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ | ਨਾਰੀ ਸਿਰਜਣਹਾਰ ਹੈ—ਉਹ ਜੀਵਨ ਦੀ ਧਾਰਾ ਨੂੰ  ਅੱਗੇ ਵਧਾਉਂਦੀ ਹੈ, ਸੰਸਕਾਰਾਂ ਦੀ ਜੋਤ ਜਗਾਉਂਦੀ ਹੈ ਅਤੇ ਸਮਾਜ ਨੂੰ  ਮਾਨਵੀ ਮੁੱਲਾਂ ਨਾਲ ਜੋੜਦੀ ਹੈ | ਉਸਦੀ ਅੰਦਰੂਨੀ ਤਾਕਤ, ਸਹਿਨਸ਼ੀਲਤਾ ਅਤੇ ਪ੍ਰੇਰਕ ਆਤਮਾ ਉਸਨੂੰ ਵਿਲੱਖਣ ਬਣਾਉਂਦੇ ਹਨ | ਸਮਾਂ ਆ ਗਿਆ ਹੈ ਕਿ ਅਸੀਂ ਨਾਰੀ ਦੀ ਇਸ ਅਸਲ ਪਹਿਚਾਣ ਨੂੰ  ਸਵੀਕਾਰ ਕਰੀਏ ਅਤੇ ਉਸਦੇ ਯੋਗਦਾਨ ਨੂੰ  ਸਨਮਾਨ ਦਈਏ |
ਅੰਤ ਵਿਚ, 'ਨਾਰੀ ਹਾਂ ਸਿਰਜਣਹਾਰੀ ਹਾਂ ਮੈਂ' ਕੇਵਲ ਕਵਿਤਾ ਦੀ ਪੰਕਤੀ ਨਹੀਂ, ਬਲਕਿ ਹਰ ਔਰਤ ਦੀ ਆਵਾਜ਼ ਹੈ | ਇਹ ਸਨੇਹਾ ਦਿੰਦੀ ਹੈ ਕਿ ਉਹ ਨਾ ਅਬਲਾ ਹੈ, ਨਾ ਵਿਚਾਰੀ; ਉਹ ਸ਼ਕਤੀ, ਸਿਰਜਣ ਅਤੇ ਪ੍ਰਗਤੀ ਦੀ ਮੂਰਤ ਹੈ | ਜਦੋਂ ਨਾਰੀ ਅੱਗੇ ਵਧਦੀ ਹੈ ਤਾਂ ਸਮਾਜ ਅਤੇ ਦੇਸ਼ ਵੀ ਤਰੱਕੀ ਦੇ ਰਾਹ 'ਤੇ ਅੱਗੇ ਵਧਦੇ ਹਨ | ਇਸ ਲਈ ਆਓ, ਇਸ ਆਜ਼ਾਦੀ ਦਿਵਸ 'ਤੇ ਨਾਰੀ ਦਾ ਸਨਮਾਨ ਕਰੀਏ, ਉਸਦੀ ਸਮਰੱਥਾ ਨੂੰ  ਪਹਿਚਾਣੀਏ ਅਤੇ ਉਸਦੇ ਨਾਲ ਕਦਮ ਮਿਲਾ ਕੇ ਇਕ ਸੁੰਦਰ ਅਤੇ ਸਮਾਨਤਾ ਭਰਿਆ ਸਮਾਜ ਸਿਰਜੀਏ |
-ਐਚ.ਐਮ.ਵੀ. ਕਾਲਜ, 
ਜਲੰਧਰ

ਪਿਛਲੀ ਖ਼ਬਰ ਦਿੱਲੀ ਦੰਗਿਆਂ ਦੇ 6 ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਅਗਲੀ ਖ਼ਬਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।