28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਅਜੋਕੇ ਸਮੇਂ ਵਿਚ ਵਧ ਰਿਹਾ ਟਿਊਸ਼ਨਾਂ ਦਾ ਰੁਝਾਨ

ਅਜੀਤ ਡੈਸਕ 25-06-2026

ਅੱਜ ਦੇ ਸਮੇਂ ਵਿਚ ਟਿਊਸ਼ਨ ਕਲਚਰ ਸਿੱਖਿਆ ਪ੍ਰਣਾਲੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਪਹਿਲਾਂ ਟਿਊਸ਼ਨ ਸਿਰਫ਼ ਉਹੀ ਵਿਦਿਆਰਥੀ ਲੈਂਦੇ ਸਨ, ਜੋ ਕਿਸੇ ਵਿਸ਼ੇ 'ਚ ਕਮਜ਼ੋਰ ਹੁੰਦੇ ਸਨ। ਸਕੂਲੀ ਪੜ੍ਹਾਈ ਵਿਚ ਵਧਦੇ ਸਿਲੇਬਸ, ਕਠਿਨ ਮੁਕਾਬਲੇ ਅਤੇ ਚੰਗੇ ਅੰਕ ਲਿਆਉਣ ਦੇ ਦਬਾਅ ਨੇ ਵਿਦਿਆਰਥੀਆਂ ਨੂੰ ਟਿਊਸ਼ਨਾਂ ਵੱਲ ਧੱਕਿਆ ਹੈ। ਇਸ ਤੋਂ ਇਲਾਵਾ ਮਾਪਿਆਂ ਦਾ ਕੰਮ-ਕਾਜੀ ਹੋਣਾ ਵੀ ਇਸ ਦਾ ਇਕ ਵੱਡਾ ਕਾਰਨ ਹੈ। ਚੰਗੇ ਅਧਿਆਪਕਾਂ ਦੀ ਖੋਜ, ਅਤਿਰਿਕਤ ਸਮਝਾਈ ਅਤੇ ਟੌਪਿਕ-ਵਾਈਜ਼ ਤਿਆਰੀ ਵਿਦਿਆਰਥੀਆਂ ਦੀ ਕੁਝ ਹੱਦ ਤੱਕ ਮਦਦ ਵੀ ਕਰਦੀ ਹੈ। ਪਰ ਇਸ ਦੇ ਨਾਕਾਰਾਤਮਿਕ ਪੱਖ ਵੀ ਘੱਟ ਨਹੀਂ। ਟਿਊਸ਼ਨਾਂ ਦਾ ਲੰਮਾ ਸਮਾਂ ਵਿਦਿਆਰਥੀ ਦੀ ਖੇਡ, ਸ਼ੌਕ, ਮਨੋਰੰਜਨ ਅਤੇ ਆਰਾਮ 'ਤੇ ਅਸਰ ਪਾਉਂਦਾ ਹੈ।
ਹਰ ਸਮੇਂ ਪੜ੍ਹਾਈ ਦੇ ਦਬਾਅ ਹੇਠ ਰਹਿਣ ਨਾਲ ਬੱਚਿਆਂ ਦੀ ਸਿਰਜਨਾਤਮਿਕਤਾ ਅਤੇ ਸਵੈ-ਅਧਿਐਨ ਦੀ ਸਮਰੱਥਾ ਘੱਟ ਹੋਣ ਲਗਦੀ ਹੈ। ਇਸ ਤੋਂ ਇਲਾਵਾ ਕਈ ਪਰਿਵਾਰਾਂ ਲਈ ਬੱਚਿਆਂ ਨੂੰ ਟਿਊਸ਼ਨ ਲਗਾਉਣਾ ਇਕ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਮੈਂ ਨਿੱਜੀ ਤੌਰ 'ਤੇ ਬਹੁਤੇ ਮਾਪਿਆਂ ਨੂੰ ਪਹਿਲੀ ਜਮਾਤ ਤੋਂ ਹੀ ਆਪਣੇ ਬੱਚੇ ਨੂੰ ਟਿਊਸ਼ਨਾਂ 'ਤੇ ਭੇਜਦੇ ਦੇਖਿਆ ਹੈ, ਜੋ ਕਿ ਬਹੁਤਾ ਵਧੀਆ ਰੁਝਾਨ ਨਹੀਂ ਕਿਹਾ ਜਾ ਸਕਦਾ। ਕਈ ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਹੋਮਵਰਕ ਕਰਨ ਲਈ ਹੀ ਟਿਊਸ਼ਨ ਭੇਜਦੇ ਹਨ। ਕੁਝ ਮਾਪੇ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਕਰਨ ਲਈ ਹੀ ਟਿਊਸ਼ਨ ਭੇਜਦੇ ਹਨ। ਕੁਝ ਮਾਪੇ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਤੇ ਮਹਿੰਗੀ ਕੋਚਿੰਗ ਦਿੰਦੇ ਹਨ ਭਾਵੇਂ ਬੱਚੇ ਨੂੰ ਉਸ ਦੀ ਲੋੜ ਹੀ ਨਾ ਹੋਵੇ। ਕੁਝ ਟਿਊਟਰ ਸਿਰਫ਼ ਨਾਂਅ ਕਰਕੇ ਹੀ 'ਬ੍ਰਾਂਡ' ਬਣ ਚੁੱਕੇ ਹਨ। ਮਹਿੰਗੀਆਂ ਕੋਚਿੰਗਾਂ ਅਤੇ ਮਸ਼ਹੂਰ ਟਿਊਟਰਾਂ ਦੇ ਨਾਂਅ 'ਤੇ ਬੱਚੇ ਦੀ ਅਸਲ ਲੋੜ ਨਾਲੋਂ ਸੋਸ਼ਲ ਇਮੇਜ਼ ਲਈ ਮਹੱਤਵਪੂਰਨ ਮੰਨੇ ਜਾਣ ਲੱਗ ਪਏ ਹਨ। ਜਿੱਥੇ ਫੀਸ ਜ਼ਿਆਦਾ, ਉਥੇ ਮਾਪਿਆਂ ਨੂੰ ਲਗਦਾ ਹੈ ਕਿ ਪੜ੍ਹਾਈ ਵੀ ਉੱਚੀ ਗੁਣਵੱਤਾ ਦੀ ਹੈ, ਜੋ ਹਮੇਸ਼ਾ ਸੱਚ ਨਹੀਂ ਹੁੰਦਾ। ਇਹ ਰੁਝਾਨ ਸਿੱਖਿਆ ਦੇ ਅਸਲ ਮਕਸਦ ਨੂੰ ਕਮਜ਼ੋਰ ਕਰਦਾ ਹੈ ਅਤੇ ਪ੍ਰਣਾਲੀ 'ਚ ਅਸਮਾਨਤਾ ਵਧਾਉਂਦਾ ਹੈ। ਬੱਚੇ ਦੀ ਸਮਝ, ਰੁਚੀ ਤੇ ਸਵੈ-ਅਧਿਐਨ ਸਮਰੱਥਾ ਨੂੰ ਤੋਲਣ ਦੀ ਥਾਂ ਸਿਰਫ਼ ਦੂਜਿਆਂ ਦੀ ਦੇਖਾ-ਦੇਖੀ ਵਿਚ ਟਿਊਸ਼ਨਾਂ ਵੱਲ ਧੱਕਿਆ ਜਾਂਦਾ ਹੈ। ਟਿਊਸ਼ਨ ਕਲਚਰ ਦੇ ਚੰਗੇ ਅਤੇ ਮਾੜੇ ਦੋਵੇਂ ਪ੍ਰਭਾਵ ਹਨ ਪਰ ਸਭ ਤੋਂ ਵੱਡੀ ਲੋੜ ਸੰਤੁਲਨ ਦੀ ਹੈ। ਜਿਥੇ ਟਿਊਸ਼ਨ ਲੋੜੀਂਦੀ ਹੈ, ਉਥੇ ਇਹ ਬੱਚੇ ਲਈ ਲਾਭਦਾਇਕ ਸਾਬਤ ਹੁੰਦੀ ਹੈ, ਪਰ ਜਿੱਥੇ ਇਹ ਸਿਰਫ਼ ਦਿਖਾਵਾ ਬਣੇ, ਉਥੇ ਇਹ ਸਮਾਂ, ਪੈਸਾ ਅਤੇ ਮਾਨਸਿਕ ਸ਼ਾਂਤੀ ਦਾ ਨੁਕਸਾਨ ਕਰਦੀ ਹੈ। ਜਿਥੇ ਲੋੜ ਨਹੀਂ, ਉਥੇ ਵੀ ਟਿਊਸ਼ਨ ਜਾਣਾ ਬੱਚੇ ਨੂੰ ਥਕਾਵਟ, ਬੋਰ ਹੋਣਾ ਅਤੇ ਨਿਰਭਰ ਬਣਾਉਂਦਾ ਹੈ।
ਟਿਊਸ਼ਨ ਕਲਚਰ ਦਾ ਸਟੇਟਸ ਸਿੰਬਲ ਬਣ ਜਾਣਾ ਸਿੱਖਿਆ ਦੇ ਅਸਲ ਮਕਸਦ ਨੂੰ ਪਿੱਛੇ ਧੱਕਦਾ ਹੈ। ਹਰ ਕਲਾਸ ਜਾਂ ਹਰ ਉਮਰ ਦੇ ਬੱਚਿਆਂ ਲਈ ਟਿਊਸ਼ਨ ਲਾਜ਼ਮੀ ਨਹੀਂ। ਛੋਟੇ ਬੱਚਿਆਂ ਨੂੰ ਟਿਊਸ਼ਨ ਦੀ ਥਾਂ ਘਰੇਲੂ ਧਿਆਨ ਦੀ ਜ਼ਿਆਦਾ ਲੋੜ ਹੁੰਦੀ ਹੈ। ਅਸਲ ਸਿੱਖਿਆ ਉਹ ਹੈ, ਜੋ ਬੱਚੇ ਨੂੰ ਸੋਚਣਾ, ਸਮਝਣਾ ਅਤੇ ਸਵੈ-ਨਿਰਭਰ ਬਣਨਾ ਸਿਖਾਵੇ।
ਸੋ, ਮੈਂ ਅੰਤ ਵਿਚ ਇਹੀ ਕਹਿਣਾ ਚਾਹਾਂਗੀ ਕਿ ਸਕੂਲਾਂ ਨੂੰ ਪੜ੍ਹਾਈ ਦੀ ਗੁਣਵੱਤਾ ਮਜ਼ਬੂਤ ਕਰਕੇ ਟਿਊਸ਼ਨਾਂ 'ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ, ਤਾਂ ਜੋ ਬੱਚੇ ਸੰਤੁਲਿਤ ਅਤੇ ਖੁਦਮੁਖਤਿਆਰ ਸਿੱਖਿਆ ਹਾਸਿਲ ਕਰ ਸਕਣ। ਅਜਿਹੀ ਸਿੱਖਿਆ, ਜੋ ਉਨ੍ਹਾਂ ਨੂੰ ਅਸਲ ਜੀਵਨ ਲਈ ਤਿਆਰ ਕਰੇ, ਸਿਰਫ਼ ਇਮਤਿਹਾਨਾਂ ਲਈ ਨਹੀਂ।

-ਹੈੱਡ ਮਿਸਟ੍ਰੈੱਸ, ਸਰਕਾਰੀ ਹਾਈ ਸਕੂਲ, ਚੁੱਘੇ ਖੁਰਦ (ਬਠਿੰਡਾ)।

ਪਿਛਲੀ ਖ਼ਬਰ ਗਰਮੀ ਤੋਂ ਰਾਹਤ ਲਈ ਬਣਾਓ ਸ਼ਰਬਤ ਅਗਲੀ ਖ਼ਬਰ ਬੱਚਿਆਂ ਦੇ ਛੋਟੇ-ਛੋਟੇ ਝਗੜੇ ਇੰਝ ਸੁਲਝਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।