29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲੋਕ ਗੀਤਾਂ ਦਾ ਹੋਕਾ ਦੇ ਰਹੀ ਪਰਮਜੀਤ ਕੌਰ ਪੰਮੀ

ਅਜੀਤ ਡੈਸਕ 02-04-2026

ਪਰਮਜੀਤ ਕੌਰ ਪੰਮੀ ਦਾ ਜਨਮ 5 ਸਤੰਬਰ 1963 ਈ. ਨੂੰ ਮਾਤਾ ਜਰਨੈਲ ਕੌਰ ਅਤੇ ਲਾਲ ਸਿੰਘ ਫਰੀਡਮ ਫਾਈਟਰ ਦੇ ਘਰ ਹੋਇਆ। ਸਕੂਲੀ ਪੜ੍ਹਾਈ ਤੋਂ ਬਾਅਦ ਸਿਲਾਈ ਕਢਾਈ ਦੇ ਕੋਰਸਾਂ ਦੇ ਨਾਲ ਬੀ.ਏ. ਕੀਤੀ, ਬੀ.ਐੱਡ ਕੀਤੀ। ਉਸ ਦਾ ਵਿਆਹ ਮੋਗਾ ਵਿਖੇ ਦਵਿੰਦਰਪਾਲ ਸਿੰਘ ਸਟੇਟ ਐਵਾਰਡੀ ਨਾਲ ਹੋਇਆ। ਪ੍ਰਮਾਤਮਾ ਨੇ ਉਨ੍ਹਾਂ ਨੂੰ ਦੋ ਪੁੱਤਰਾਂ ਦੀ ਦਾਤ ਦਿੱਤੀ। ਉਨ੍ਹਾਂ ਇਕ ਸਕੂਲ ਵਿਚ ਅਧਿਆਪਨ ਦਾ ਕੰਮ ਸ਼ੁਰੂ ਕੀਤਾ ਤੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਦੀ ਡਿਗਰੀ ਲਈ। ਹੌਲੀ ਹੌਲੀ ਹਾਲਾਤ ਨੇ ਉਸ ਨੂੰ ਲਿਖਣ ਲਈ ਪ੍ਰੇਰਿਆ। ਮਿੰਨੀ ਕਹਾਣੀ ਵਿਚ ਉਸ ਦੀ ਖ਼ਾਸ ਰੁਚੀ ਸੀ। ਉਸ ਨੂੰ ਕਵਿਤਾ ਲਿਖਣ ਦੀ ਵੀ ਲਗਨ ਲੱਗੀ। ਉਸ ਦੀਆਂ ਕਵਿਤਾਵਾਂ ਤੇ ਕਹਾਣੀਆਂ ਅਖ਼ਬਾਰਾਂ ਵਿਚ ਛਪਣ ਲੱਗ ਗਈਆਂ। ਉਨ੍ਹਾਂ ਨੇ ਪਲੇਠੀ ਕਹਾਣੀਆਂ ਦੀ ਕਿਤਾਬ 'ਆਟੇ ਦਾ ਦੀਵਾ' ਪਾਠਕਾਂ ਦੀ ਝੋਲੀ ਪਾਈ। ਪੰਜਾਬ ਸਰਕਾਰ ਵਲੋਂ ਛਪੀ ਪੁਸਤਕ ਵਿਚ ਉਸ ਦੀਆਂ ਚਾਰ ਕਹਾਣੀਆਂ ਛਪਣ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਵਿਖੇ ਸਨਮਾਨਿਤ ਕੀਤਾ ਗਿਆ। ਫਿਰ ਵਿਦੇਸ਼ਾਂ ਦੇ ਮੈਗਜ਼ੀਨਾਂ ਵਿਚ ਵੀ ਉਸ ਦੀਆਂ ਮਿੰਨੀ ਕਹਾਣੀਆਂ ਛਪਣ ਲੱਗ ਗਈਆਂ। 2003 ਦੀ ਯੂ.ਕੇ. ਫੇਰੀ ਦੌਰਾਨ ਪੰਜਾਬੀ ਸਾਹਿਤ ਸਭਾ ਲੰਡਨ ਵਲੋਂ ਪੰਮੀ ਨੂੰ ਸਨਮਾਨ ਮਿਲਿਆ। ਦੇਸ਼ ਪ੍ਰਦੇਸ ਮੈਗਜ਼ੀਨ ਵਿਚ ਕਹਾਣੀਆਂ ਛਪਣ ਕਰਕੇ 'ਦੇਸ-ਪਰਦੇਸ' ਸੰਸਥਾ ਬਰਮਿੰਘਮ ਯੂ.ਕੇ. ਵਲੋਂ ਵੀ ਸਨਮਾਨ ਮਿਲਿਆ। ਉਸ ਤੋਂ ਬਾਅਦ ਪੰਮੀ ਨੇ ਆਪਣੀ ਦੂਜੀ ਕਹਾਣੀਆਂ ਦੀ ਕਿਤਾਬ 'ਜਾਇਜ਼-ਨਾਜਾਇਜ਼' ਲਿਖੀ। ਇੰਟਰਨੈਸ਼ਨਲ ਵੁਮੈਨ ਡੇਅ 'ਤੇ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਵਿਖੇ ਸਨਮਾਨ ਮਿਲਿਆ। ਫਿਰ ਪੰਮੀ ਦਾ ਰੁਝਾਨ ਲੋਕ ਗੀਤਾਂ ਵੱਲ ਹੋ ਗਿਆ। ਉਸ ਨੇ ਪੱਛਮੀ ਧੁਨਾਂ 'ਤੇ ਮੰਤਰ ਮੁਗਧ ਹੋ ਕੇ ਬਿਰਕਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਵਿਆਹ-ਸ਼ਾਦੀਆਂ ਵਿਚ ਗਾਏ ਜਾਣ ਵਾਲੇ ਗੀਤਾਂ ਨਾਲ ਜੋੜਨ ਦਾ ਉੱਦਮ ਕੀਤਾ। ਉਹ ਲੋਕ ਗੀਤ, ਜੋ ਉਸ ਦੇ ਬਚਪਨ ਦੇ ਸਾਥੀ ਸਨ, ਉਸ ਦੇ ਨਾਲ ਹੀ ਚੱਲ ਰਹੇ ਸਨ। ਪੰਮੀ ਨੇ ਘੋੜੀਆਂ, ਸੁਹਾਗ, ਟੱਪੇ, ਸਿੱਠਣੀਆਂ, ਬੋਲੀਆਂ ਤੇ ਢੋਲਕੀ ਵਾਲੇ ਗੀਤਾਂ ਦਾ ਸੰਗ੍ਰਹਿ ਤਿਆਰ ਕੀਤਾ ਜਿਸ ਦਾ ਨਾਂਅ ਹੈ 'ਸਾਡਾ ਚਿੜੀਆਂ ਦਾ ਚੰਬਾ ਵੇ'। ਪੰਜਾਬ ਭਵਨ ਸਰੀ ਵਿਖੇ ਸੁੱਖੀ ਬਾਠ ਫਾਊਂਡੇਸ਼ਨ ਵਲੋਂ ਪਰਮਜੀਤ ਦਾ ਸਨਮਾਨ ਕੀਤਾ ਗਿਆ। ਵਿਦੇਸ਼ਾਂ ਵਿਚ ਤੇ ਦੂਰਦਰਸ਼ਨ ਜਲੰਧਰ ਤੋਂ ਕਈ ਵਾਰ ਪਰਮਜੀਤ ਨੂੰ ਇੰਟਰਵਿਊ ਦੇਣ ਦਾ ਮੌਕਾ ਮਿਲਿਆ। ਉਸ ਨੇ ਨਾਰੀ ਨੂੰ ਹਮੇਸ਼ਾ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫ਼ਰਜ਼ ਨਿਭਾਉਣ ਦਾ ਵੀ ਸੁਨੇਹਾ ਦਿੱਤਾ। ਐਚ. ਡੀ. ਐਫ. ਸੀ. ਬੈਂਕ ਵਲੋਂ 'ਸੈਲਿਊਟ ਟੂ ਵੁਮੈਨ ਪਾਵਰ' ਦਾ ਖ਼ਿਤਾਬ ਵੀ ਪੰਮੀ ਨੂੰ ਮਿਲਿਆ। ਪੰਜਾਬੀ ਦਿਵਸ 'ਤੇ ਪੰਮੀ ਨੇ ਆਪਣੀ ਮਾਂ-ਬੋਲੀ 'ਤੇ ਲਿਖੀ ਕਵਿਤਾ ਪੇਸ਼ ਕੀਤੀ ਤਾਂ ਉਸ ਮੌਕੇ ਡਾ. ਜਗਜੀਤ ਸਿੰਘ ਧੂਰੀ, ਪ੍ਰਧਾਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਕਾਲਜ ਨੇ ਪੰਮੀ ਦਾ ਲੁਧਿਆਣਾ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਉਸ ਨੇ ਆਪਣੀ ਅਧਿਆਪਨ ਦੀ ਨੌਕਰੀ ਛੱਡ ਕੇ ਆਪਣੇ ਪਤੀ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਵਿਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਤੇ ਅੱਜ ਉਹ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਤੇ ਸੇਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਖੇ ਬਤੌਰ ਜਨਰਲ ਸੈਕਟਰੀ ਸੇਵਾਵਾਂ ਨਿਭਾ ਰਹੇ ਹਨ। ਉਹ ਆਪਣੇ ਪਤੀ ਤੇ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਸਹਿਯੋਗ ਕਰਦੇ ਹਨ। ਸਫਲਤਾਪੂਰਵਕ ਲਿਖਣ ਤੋਂ ਬਾਅਦ ਪੰਮੀ ਦਾ ਰੁਝਾਨ ਲੰਮੀ ਹੇਕ ਵਾਲੇ ਗੀਤ ਗਾਉਣ ਵੱਲ ਹੋ ਗਿਆ ਜੋ ਕਿ ਬਚਪਨ ਤੋਂ ਹੀ ਉਸ ਦੇ ਦਿਲ ਵਿਚ ਧੜਕਦੇ ਸਨ। ਅਕਸਰ ਪਰਮਜੀਤ ਕੌਰ ਰੰਧਾਵਾ ਪਰਮਜੀਤ ਯੂ ਟਿਊਬ ਚੈਨਲ 'ਤੇ ਕੋਈ ਗੀਤ, ਸਿੱਠਣੀ, ਬੋਲੀ, ਘੜੀ ਤੇ ਸੁਹਾਗ ਗਾਉਂਦੀ ਹੋਈ ਨਜ਼ਰ ਆਉਂਦੀ ਹੈ। ਇਸ ਦੀਆਂ ਉਪਲਬਧੀਆਂ ਨੂੰ ਵੇਖ ਕੇ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 15 ਅਗਸਤ 2021 ਨੂੰ ਪੰਜਾਬ ਸਰਕਾਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ ਸੀ। ਪਰਮਜੀਤ ਕੌਰ ਪੰਮੀ ਸਾਦੇ ਤੇ ਨਿਮਰ ਸੁਭਾਅ ਦੀ ਮਾਲਕ ਹੈ। ਪੰਮੀ ਦੱਸਦੀ ਹੈ ਕਿ ਮੈਨੂੰ ਇਹ ਸਭ ਕੁਝ ਕਰਨ ਦਾ ਮੌਕਾ ਮੇਰੇ ਮਾਤਾ-ਪਿਤਾ ਸਮਾਨ ਸੱਸ ਸਹੁਰਾ ਤੋਂ ਮਿਲਿਆ।

-ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ
ਮੋਬਾਈਲ : 98147-75510

ਪਿਛਲੀ ਖ਼ਬਰ ਬੱਚਿਆਂ ਨੂੰ ਦਿਓ ਸਿਹਤਮੰਦ ਰੋਟੀ ਵਾਲਾ ਡੱਬਾ ਅਗਲੀ ਖ਼ਬਰ ਫਰਿੱਜ ਦਾ ਇਸਤੇਮਾਲ ਕਿੰਝ ਕਰੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।