ਜਦੋਂ ਤੁਹਾਡੇ ਘਰ ਫਰਿੱਜ ਆ ਜਾਂਦਾ ਹੈ ਤਾਂ ਤੁਹਾਡੇ ਘਰ ਵਿਚ ਰੋਗਾਣੂ ਵੀ ਪ੍ਰਵੇਸ਼ ਕਰ ਜਾਂਦੇ ਹਨ। ਇਸ ਦੇ ਪਿੱਛੇ ਕੀ ਰਹੱਸ ਛੁਪਿਆ ਹੈ? ਉਂਝ ਤਾਂ ਫਰਿੱਜ ਇਕ ਘਰੇਲੂ ਅਤੇ ਉਪਯੋਗੀ ਉਪਕਰਨ ਹੈ ਜਿਸ ਨਾਲ ਖਾਧ ਪਦਾਰਥਾਂ ਨੂੰ ਕਾਫੀ ਲੰਬੇ ਸਮੇਂ ਤੱਕ ਤਾਜ਼ਾ ਬਣਾਈ ਰੱਖਿਆ ਜਾ ਸਕਦਾ ਹੈ। ਆਮ ਤੌਰ 'ਤੇ ਫਰਿੱਜ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਇਸ ਦੇ ਗਲਤ ਇਸਤੇਮਾਲ ਦਾ ਤਰੀਕਾ ਰੋਗਾਣੂ ਫੈਲਾ ਦਿੰਦਾ ਹੈ।
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿਚ ਫਲ-ਸਬਜ਼ੀਆਂ ਆਦਿ ਨੂੰ ਫਰਿੱਜ ਵਿਚ ਤਾਜ਼ਾ ਰੱਖਣ ਲਈ ਬਿਨਾਂ ਧੋਤਿਆਂ ਹੀ ਰੱਖ ਦਿੱਤਾ ਜਾਂਦਾ ਹੈ ਅਤੇ ਉਹ ਵੀ ਗ਼ਲਤ ਤਰੀਕੇ ਨਾਲ। ਇਸ ਤਰ੍ਹਾਂ ਨਾਲ ਫਰਿੱਜ ਦਾ ਇਸਤੇਮਾਲ ਰੋਗਾਣੂ ਹੀ ਫੈਲਾਉਂਦਾ ਹੈ। ਕੀ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਫਲ ਅਤੇ ਸਬਜ਼ੀਆਂ ਵੀ ਸਾਡੀ ਤਰ੍ਹਾਂ ਸਾਹ ਲੈਂਦੇ ਹਨ। ਇਸ ਨਾਲ ਉਨ੍ਹਾਂ ਪਦਾਰਥਾਂ ਵਿਚ ਆਕਸੀਜਨ ਦਾ ਸੰਚਾਰ ਹੁੰਦਾ ਹੈ, ਨਾਲ ਹੀ ਸ਼ੱਕਰ ਵੀ ਸੜਦੀ ਹੈ ਜਿਸ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਗਰਮੀ ਪੈਦਾ ਹੁੰਦੀ ਹੈ।
ਫਰਿੱਜ ਖਾਦ-ਪਦਾਰਥਾਂ ਨੂੰ ਵਧੇਰੇ ਸਮੇਂ ਤੱਕ ਤਾਜ਼ਾ ਸਿਰਫ਼ ਇਕ ਸੀਮਾ ਤੱਕ ਠੰਢਕ ਦੇ ਕਾਰਨ ਹੀ ਰੱਖਦਾ ਹੈ। ਦੇਖਣ ਵਿਚ ਤਾਂ ਫਲ ਅਤੇ ਸਬਜ਼ੀਆਂ ਪਹਿਲਾਂ ਵਰਗੇ ਹੀ ਦਿੱਸਦੇ ਹਨ ਪਰ ਉਨ੍ਹਾਂ ਦੀ ਮਹਿਕ ਅਤੇ ਸੁਆਦ ਵੱਖਰੀ ਤਰ੍ਹਾਂ ਦਾ ਹੋ ਜਾਂਦਾ ਹੈ। ਇੰਝ ਹੋਣ ਨਾਲ ਉਨ੍ਹਾਂ ਦੀ ਪੌਸ਼ਟਿਕਤਾ ਵੀ ਘੱਟ ਜਾਂਦੀ ਹੈ ਜੋ ਉਨ੍ਹਾਂ ਅੰਦਰ ਬੈਕਟੀਰੀਆ ਫੈਲਣ ਕਾਰਨ ਹੁੰਦਾ ਹੈ। ਫਰਿੱਜ ਇਸਤੇਮਾਲ ਕਰਨ ਵਾਲੇ ਘਰਾਂ ਵਿਚ ਸਰਦੀ, ਜ਼ੁਕਾਮ ਅਤੇ ਖਾਂਸੀ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ।
ਫਰਿੱਜ ਵਿਚ ਖਾਧ ਪਦਾਰਥਾਂ ਨੂੰ ਤਾਜ਼ਾ ਰੱਖਣ ਲਈ ਸਿਰਫ਼ 24 ਘੰਟੇ ਤੱਕ ਹੀ ਰੱਖਣਾ ਚਾਹੀਦਾ ਹੈ। ਇਸ ਨਾਲ ਵਧੇਰੇ ਸਮੇਂ ਤੱਕ ਰੱਖਣ ਵਾਲੇ ਉਨ੍ਹਾਂ ਖਾਧ ਪਦਾਰਥਾਂ ਵਿਚ ਜੀਵਾਣੂਆਂ ਦੀ ਬਿਮਾਰੀਆਂ ਫੈਲ ਜਾਂਦੀਆਂ ਹਨ। ਇਸੇ ਤਰ੍ਹਾਂ ਫਰਿੱਜ ਵਿਚ ਰੱਖੀ ਬੋਤਲਾਂ ਦੇ ਪਾਣੀ ਨੂੰ ਵੀ 24 ਘੰਟੇ ਦੇ ਅੰਦਰ ਇਸਤੇਮਾਲ ਕਰ ਲੈਣਾ ਚਾਹੀਦਾ ਹਾਂ ਜਾਂ ਪਾਣੀ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਵਧੇਰੇ ਸਮਾਂ ਪੁਰਾਣਾ ਪਾਣੀ ਸੰਕ੍ਰਮਿਤ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਪੀਣ ਨਾਲ ਸਰਦੀ, ਜੁਕਾਮ, ਖੰਘ ਅਤੇ ਹੋਰ ਬਿਮਾਰੀਆਂ ਆਪਣੀ ਜਗ੍ਹਾ ਬਣਾ ਲੈਂਦੀਆਂ ਹਨ।
ਫਰਿੱਜ ਵਿਚ ਫਲ ਅਤੇ ਸਬਜ਼ੀਆਂ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਹਲਕੇ ਗਰਮ ਪਾਣੀ ਵਿਚ ਧੋ ਕੇ ਸਾਫ਼ ਕੱਪੜੇ ਨਾਲ ਪੂੰਝਣ ਤੋਂ ਬਾਅਦ ਹੀ ਫਰਿੱਜ ਵਿਚ ਰੱਖਣਾ ਚਾਹੀਦਾ ਹੈ ਅਤੇ ਫਰਿੱਜ ਦੇ ਫਲ ਅਤੇ ਸਬਜ਼ੀਆਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
ਫਰਿੱਜ ਵਿਚ ਰੱਖੇ ਦਹੀਂ ਦਾ ਇਸਤੇਮਾਲ 12 ਘੰਟੇ ਦੇ ਅੰਦਰ ਕਰ ਲੈਣਾ ਚਾਹੀਦਾ ਹੈ। ਜੇਕਰ 12 ਘੰਟੇ ਤੋਂ ਵਧੇਰੇ ਸਮੇਂ ਤੱਕ ਦਹੀਂ ਫਰਿੱਜ ਵਿਚ ਪਿਆ ਰਹਿ ਜਾਵੇ ਤਾਂ ਇਸ ਦਾ ਇਸਤੇਮਾਲ ਬੇਸਨ ਮਿਲਾ ਕੇ ਕੜੀ ਵਿਚ ਕਰਨਾ ਚਾਹੀਦਾ ਹੈ ਕਿਉਂਕਿ ਰੋਗਾਣੂ ਉਬਲਣ 'ਤੇ ਖ਼ਤਮ ਹੋ ਜਾਂਦੇ ਹਨ। ਜੇਕਰ ਇੰਝ ਨਾ ਕੀਤਾ ਜਾਵੇ ਤਾਂ ਜੋੜਾਂ ਵਿਚ ਦਰਦ, ਸਰਦੀ, ਪੇਟ ਦੇ ਰੋਗ, ਪਿਸ਼ਾਬ ਰੋਗ ਆਦਿ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਵਿਗਿਆਨੀਆਂ ਨੇ ਕਈ ਪ੍ਰਯੋਗਾਂ ਦੇ ਦੌਰਾਨ ਪਾਇਆ ਕਿ ਫਲ ਅਤੇ ਸਬਜ਼ੀਆਂ ਨੂੰ ਖੁੱਲ੍ਹੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਚੰਗੇ ਸਾਫ਼ ਪਲਾਸਟਿਕ ਨਾਲ ਢੱਕ ਕੇ ਰੱਖਿਆ ਜਾਵੇ ਤਾਂ ਇਸ ਨਾਲ ਖਾਧ ਪਦਾਰਥ 35 ਘੰਟੇ ਤਕ ਤਾਜ਼ਾ ਅਤੇ ਸਵਾਦੀ ਬਣੇ ਰਹਿੰਦੇ ਹਨ ਪਰ ਇਕ ਪਲਾਸਟਿਕ ਦਾ ਇਸਤੇਮਾਲ ਤਿੰਨ ਵਾਰ ਤੋਂ ਵਧੇਰੇ ਨਹੀਂ ਕਰਨਾ ਚਾਹੀਦਾ। ਪਲਾਸਟਿਕ ਵਿਚ ਖਾਧ ਪਦਾਰਥਾਂ ਨੂੰ ਰੱਖਣ ਨਾਲ ਉਨ੍ਹਾਂ ਅੰਦਰ ਸਾਹ ਲੈਣ ਦੀ ਪ੍ਰਕਿਰਿਆ ਕਾਫ਼ੀ ਹੱਦ ਤੱਕ ਰੁਕ ਜਾਂਦੀ ਹੈ ਜਿਸ ਨਾਲ ਚੀਜ਼ਾਂ ਦੇਰ ਤੱਕ ਤਾਜ਼ੀਆਂ ਬਣੀਆਂ ਰਹਿੰਦੀਆਂ ਹਨ। ਨਾਲ ਹੀ ਫਰਿੱਜ ਦੀ ਵੀ ਹਰ ਹਫ਼ਤੇ ਚੰਗੀ ਤਰ੍ਹਾਂ ਸਾਫ਼-ਸਫ਼ਾਈ ਵੀ ਕਰਨੀ ਚਾਹੀਦੀ ਹੈ ਅਤੇ ਚਾਲੂ ਹਾਲਤ ਵਿਚ ਫਰਿੱਜ ਨੂੰ ਜ਼ਿਆਦਾ ਤੇਰ ਤੱਕ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ। ਥੋੜ੍ਹੀ ਜਿੰਨੀ ਸਾਵਧਾਨੀ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਫਰਿੱਜ ਦਾ ਇਸਤੇਮਾਲ ਕਿੰਝ ਕਰੀਏ
ਅਜੀਤ ਡੈਸਕ
02-04-2026