ਸਾਨੂੰ, ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਬਾਲੜੀ ਸ਼ਬਦ ਦਾ ਮਹੱਤਵ ਵਿਦੇਸ਼ਾਂ ਤੋਂ ਸਮਝਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਬਾਹਰਲੇ ਮੁਲਕ, ਜੋ ਬਹੁਤ ਤਰੱਕੀ ਕਰ ਚੁੱਕੇ ਨੇ, ਉਥੇ ਦੇ ਲੋਕਾਂ ਦੀ ਸੋਚ ਵੀ ਏਨੀ ਤਰੱਕੀ ਕਰ ਗਈ ਹੈ ਕਿ ਉਥੇ ਲੜਕੇ-ਲੜਕੀਆਂ ਵਿਚ ਫ਼ਰਕ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਸ਼ਾਇਦ ਇਸੇ ਲੋੜ ਨੂੰ ਸਮਝਦਿਆਂ ਸਾਡੇ ਦੇਸ਼ ਵਿਚ, ਸਮਾਜ ਵਿਚ ਹਰ ਲੜਕੀ ਦੀ ਸ਼ਾਨ, ਉਸ ਦੇ ਸੁਪਨਿਆਂ ਨੂੰ ਇਕ ਪਹਿਚਾਣ ਦੇਣ ਲਈ, ਉਸ ਦੇ ਬਿਹਤਰ ਤੇ ਸੁਰੱਖਿਅਤ ਭਵਿੱਖ ਲਈ 24 ਜਨਵਰੀ, 2008 ਵਿਚ ਔਰਤ ਤੇ ਬਾਲ ਮੰਤਰਾਲੇ ਵਲੋਂ ਕੌਮੀ ਬਾਲੜੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਮਕਸਦ ਸਾਫ਼ ਸੀ ਕਿ ਸਾਡੇ ਸਮਾਜ ਵਿਚ ਡੂੰਘੀਆਂ ਜੜ੍ਹਾਂ ਜਮਾਈ ਬੈਠੇ ਲਿੰਗ ਭੇਦ-ਭਾਵ ਦੇ ਖਿਲਾਫ਼ ਰਾਸ਼ਟਰੀ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਜਾ ਸਕੇ ਤਾਂ ਕਿ ਲੜਕੀਆਂ ਨੂੰ ਲੜਕਿਆਂ ਦੇ ਨਾਲ ਬਰਾਬਰੀ ਉਤੇ ਖੜ੍ਹਾ ਕਰ ਸਕੀਏ।
ਸਾਡਾ ਦੇਸ਼ ਅੱਜ ਹਰ ਖੇਤਰ ਵਿਚ ਬਹੁਤ ਤਰੱਕੀ ਕਰ ਚੁੱਕਾ ਹੈ। ਇਸ ਤਰੱਕੀ ਤੇ ਆਧੁਨਿਕਤਾ ਦਾ ਪ੍ਰਭਾਵ ਸਾਡੀ ਨਵੀਂ ਪੀੜ੍ਹੀ 'ਤੇ ਦਿਸਦਾ ਹੈ, ਪੜ੍ਹੇ-ਲਿਖੇ ਪਰਿਵਾਰਾਂ 'ਤੇ ਵੀ ਇਸ ਦਾ ਪ੍ਰਭਾਵ ਹੈ ਪਰ ਜੋ ਪੇਂਡੂ (Rura&) ਭਾਰਤ ਹੈ, ਕੋਈ ਵੀ ਸੂਬਾ ਹੋਵੇ, ਉਥੇ ਲੜਕੇ-ਲੜਕੀ ਦੇ ਫਰਕ ਦੀ ਸੋਚ ਨੂੰ ਮਿਟਾਉਣਾ ਅਜੇ ਇਕ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਫਰਕ ਵਿਚ ਸਮਾਜਿਕ ਤੌਰ 'ਤੇ ਲਿੰਗ ਭੇਦ-ਭਾਵ ਤੋਂ ਇਲਾਵਾ ਸਿੱਖਿਆ ਤੇ ਸਿਹਤ ਵਿਚ ਲੜਕੇ-ਲੜਕੀ ਨਾਲ ਕੀਤੇ ਜਾਂਦੇ ਭੇਦ-ਭਾਵ ਵੀ ਬਹੁਤ ਗਹਿਰੇ ਨੇ।
ਇਸ ਦਿਨ ਦੀ ਮਹੱਤਤਾ ਨੂੰ ਦਰਸਾਉਣ ਲਈ ਸਰਕਾਰਾਂ ਵਲੋਂ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਜਾਂਦੇ ਨੇ, ਜਿਵੇਂ 'ਬੇਟੀ ਬਚਾਓ, ਬੇਟੀ ਪੜ੍ਹਾਓ', 'ਸੁਕੰਨਿਆ ਸਮਰਿਧੀ ਯੋਜਨਾ' ਆਦਿ, ਜਿਨ੍ਹਾਂ ਦਾ ਮੁੱਖ ਮਕਸਦ ਦਿਹਾਤੀ (Rura&) ਭਾਰਤ ਦੇ ਘਰ-ਘਰ ਜਾ ਕੇ ਲੋਕਾਂ ਨੂੰ ਖਾਸ ਕਰਕੇ ਘਰ ਦੇ ਮਰਦ ਨੂੰ, ਉਸ ਦੀ ਸੋਚ ਨੂੰ ਜਾਗਰੂਕ ਅਤੇ ਸਮੇਂ ਦੀ ਹਾਣੀ ਬਣਾਉਣਾ ਹੈ ਕਿਉਂਕਿ ਸਮਾਜ ਦਾ ਉਹ ਵਰਗ ਜੋ ਮਰਦ ਪ੍ਰਧਾਨ ਹੈ, ਉਥੇ ਔਰਤ ਦੀ ਇਕ ਨਹੀਂ ਸੁਣੀ ਜਾਂਦੀ, ਇਕ ਨਹੀਂ ਮੰਨੀ ਜਾਂਦੀ। ਸੋ ਜਦ ਤੱਕ ਇਸ ਵਰਗ ਦੇ ਮਰਦ ਦੀ ਸੋਚ ਬੇਟੀ ਪ੍ਰਤੀ ਨਹੀਂ ਬਦਲਦੀ, ਗੱਲ ਉਥੇ ਦੀ ਉਥੇ ਹੀ ਰਹਿਣੀ ਹੈ।
ਇਸ ਕੰਮ ਵਿਚ ਬਹੁਤ ਸਾਰੇ ਅਦਾਰੇ, ਸੰਸਥਾਵਾਂ, ਐਨ.ਜੀ.ਓ. ਹੱਥ ਮਿਲਾ ਕੇ ਇਸ ਮਕਸਦ ਨੂੰ ਪੂਰਾ ਕਰਨ ਵਿਚ ਜ਼ੋਰ ਲਗਾਉਂਦੇ ਨੇ। ਸੰਸਥਾਵਾਂ ਜ਼ਮੀਨੀ ਪੱਧਰ 'ਤੇ ਕੰਮ ਕਰਦੀਆਂ ਨੇ। ਮਕਸਦ ਸਭਨਾਂ ਦਾ ਇਕ ਹੀ ਹੁੰਦਾ ਹੈ ਬਾਲੜੀ ਨੂੰ ਸਾਰੇ ਹੱਕ ਮਿਲ ਸਕਣ ਜਿਵੇਂ ਕਿ ਉਸ ਦੀ ਬਣਦੀ ਇੱਜ਼ਤ ਤੇ ਸਮਾਜ ਵਿਚ ਕਦਰ।
ਜੇਕਰ ਨਾਰੀ ਨੂੰ ਮੌਕੇ ਦਿੱਤੇ ਜਾਣ, ਉਸ ਨੂੰ ਜਿਊਣ ਲਈ ਉਹ ਸਾਰੀਆਂ ਸਹੂਲਤਾਂ ਬਿਨਾਂ ਭੇਦ-ਭਾਵ ਦੇ ਦਿੱਤੀਆਂ ਜਾਣ ਤਾਂ ਜੋ ਰੋਲ ਉਹ ਮਾਂ-ਬਾਪ, ਘਰ ਤੇ ਸਮਾਜ ਲਈ ਨਿਭਾਅ ਸਕਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਦੇ ਮੁਢਲੇ ਹੱਕ ਤੋਂ ਹੋਰਾਂ ਨੂੰ ਜਾਣੂ ਕਰਵਾਉਣਾ ਬਹੁਤ ਹੀ ਲਾਜ਼ਮੀ ਬਣ ਚੁੱਕਾ ਹੈ।
ਲੜਕੀਆਂ ਨੂੰ ਵਿਦਿਅਕ ਪੱਖੋਂ ਸਮਰੱਥ ਬਣਾਉਣ 'ਤੇ ਜ਼ੋਰ ਦੇਣਾ ਤੇ ਉਨ੍ਹਾਂ ਦਾ ਸ਼ਕਤੀਕਰਨ ਕਰਨਾ ਹੀ ਮੁੱਖ ਉਦੇਸ਼ ਹੋਣਾ ਚਾਹੀਦਾ ਹੈ, ਜਦ ਇਕ ਲੜਕੀ ਪੜ੍ਹ-ਲਿਖ ਜਾਂਦੀ ਹੈ ਤੇ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ, ਆਪਣੇ ਬੱਚੇ ਲੜਕੇ ਤੇ ਲੜਕੀਆਂ ਦੋਵਾਂ ਨੂੰ ਵੀ ਸਿੱਖਿਅਤ ਬਣਾਉਂਦੀ ਹੈ, ਉਨ੍ਹਾਂ ਨੂੰ ਹਰ ਗੱਲ ਲਈ ਜਾਗਰੂਕ ਕਰਦੀ ਹੈ, ਜਿਸ ਨਾਲ ਲਿੰਗ ਅਨੁਪਾਤ ਦਾ ਫ਼ਰਕ ਅੱਗੇ ਤੋਂ ਅੱਗੇ ਘਟਦਾ ਜਾਂਦਾ ਹੈ।
ਪਰ ਜਦ ਇਹ ਫਰਕ ਸਮਾਜ ਦੇ ਕੁਝ ਵਰਗਾਂ ਵਿਚ ਵਧਦਾ ਜਾਂਦਾ ਹੈ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਇਕ ਲੜਕੀ ਘਰ, ਸਮਾਜ, ਭਾਈਚਾਰੇ ਵਿਚ ਹਿੰਸਾ, ਅਲਹਿਦਗੀ ਦਾ ਸ਼ਿਕਾਰ ਹੁੰਦੀ ਹੈ ਤੇ ਬਚਪਨ ਤੋਂ ਲੈ ਕੇ ਆਖਰੀ ਸਾਹ ਤੱਕ ਹਿੰਸਾ ਸਹਿੰਦੀ ਰਹਿੰਦੀ ਹੈ ਕਿਉਂਕਿ ਉਸ ਦੇ ਦਿਮਾਗ ਤੇ ਮਨ ਵਿਚ ਇਹ ਬਿਠਾ ਦਿੱਤਾ ਜਾਂਦਾ ਹੈ ਕਿ ਲੜਕੀਆਂ ਇਹ ਸਭ ਸਹਿਣ ਲਈ ਹੀ ਜਨਮ ਲੈਂਦੀਆਂ ਨੇ।
ਪੜ੍ਹੇ-ਲਿਖੇ ਲੋਕ ਕਦੇ ਵੀ ਇਹ ਖਿਆਲ ਆਪਣੇ ਮਨਾਂ ਵਿਚ ਘਰ ਨਹੀਂ ਕਰਨ ਦਿੰਦੇ ਕਿ ਲੜਕੀ ਨੂੰ ਸਮਾਜ ਦੀਆਂ ਬੁਰੀਆਂ ਨਜ਼ਰਾਂ ਤੋਂ ਕਿਵੇਂ ਬਚਾਵਾਂਗੇ, ਵਿਆਹ ਵਿਚ ਦਹੇਜ ਦੀ ਮੰਗ ਕਿਵੇਂ ਪੂਰੀ ਕਰਾਂਗੇ, ਵੱਡੀ ਹੋ ਕੇ ਲੜਕੀ ਕਮਾਈ ਦਾ ਸਾਧਨ ਨਹੀਂ ਬਣੇਗੀ ਪਰ ਜਿਥੇ ਮਾਹੌਲ ਅਨਪੜ੍ਹਤਾ ਵਾਲਾ ਹੈ, ਉਥੋਂ ਇਸ ਤਰ੍ਹਾਂ ਦੀ ਸੋਚ ਤੇ ਮਾਨਸਿਕਤਾ ਦਾ ਬੀਜ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ।
ਜਿਵੇਂ-ਜਿਵੇਂ ਸਮਾਜ ਵਿਕਸਿਤ ਹੁੰਦਾ ਹੈ, ਕੌਮੀ ਬਾਲੜੀ ਦਿਵਸ ਦਾ ਸੰਦੇਸ਼ ਹੋਰ ਵੀ ਸਪੱਸ਼ਟਤਾ ਨਾਲ ਲੋਕਾਂ ਦੀ ਸੋਚਣੀ ਦਾ ਹਿੱਸਾ ਬਣਦਾ ਜਾਂਦਾ ਹੈ। ਲੜਕੀਆਂ ਲਈ ਬਰਾਬਰੀ ਦੇ ਮੌਕੇ ਤੇ ਹੱਕ ਕੋਈ ਚੋਣ ਨਹੀਂ ਹੈ ਪਰ ਇਕ ਖ਼ੁਸ਼ਹਾਲ ਤੇ ਮੁਕੰਮਲ ਭਵਿੱਖ ਲਈ ਜ਼ਰੂਰੀ ਲੋੜ ਹੈ। ਇਸ ਗ਼ਰੀਬੀ ਦੇ ਚੱਕਰ ਨੂੰ ਪੜ੍ਹੀ-ਲਿਖੀ ਲੜਕੀ ਹੀ ਤੋੜ ਸਕਦੀ ਹੈ।
ਅਜੇ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ, ਪਰ ਸਾਰਿਆਂ ਦੇ ਇਕੱਠੇ ਯਤਨਾਂ ਨਾਲ ਹੌਲੀ-ਹੌਲੀ ਲੜਕੀਆਂ ਪ੍ਰਤੀ ਅਨਿਆਂ ਦਾ ਹਨੇਰਾ ਮੱਧਮ ਪੈ ਸਕਦਾ ਹੈ ਤੇ ਆਸ ਹੈ ਕਿ ਇਕ ਦਿਨ ਇਹ ਹਨੇਰਾ ਪੂਰੀ ਤਰ੍ਹਾਂ ਉਜਾਲੇ ਵਿਚ ਬਦਲ ਜਾਵੇਗਾ।
ਹੋਣ ਖ਼ੁਸ਼ੀਆਂ ਤੇਰੀ ਝੋਲੀ ਵਿਚ ਖ਼ੁਸ਼ਹਾਲ ਰਹੇ ਤੇਰਾ ਜਹਾਨ
ਅਜੀਤ ਡੈਸਕ
22-01-2026