ਕਣਕ ਵੰਡ ਦੌਰਾਨ ਸਰਵਰ ਡਾਊਨ ਦੀ ਸਮੱਸਿਆ ਲੋਕਾਂ ਲਈ ਬਣੀ ਸਿਰਦਰਦੀ, ਕੀਤੀ ਨਾਅਰੇਬਾਜ਼ੀ
ਤਪਾ ਮੰਡੀ, 13 ਅਗਸਤ (ਪ੍ਰਵੀਨ ਗਰਗ)-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਸਰਕਾਰੀ ਡੀਪੂਆਂ ’ਤੇ ਵੰਡੀ ਜਾਣ ਵਾਲੀ ਚਾਰ-ਚਾਰ ਮਹੀਨਿਆਂ ਦੀ ਕਣਕ ਮੌਕੇ ਸਰਵਰ ਅਤੇ ਨੈੱਟਵਰਕ ਦੀ ਸਮੱਸਿਆ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਤਪਾ ਅਤੇ ਇਲਾਕੇ ਦੇ ਡੀਪੂਆਂ ’ਤੇ ਲਗਾਤਾਰ ਸਰਵਰ ਡਾਊਨ ਹੋਣ ਤੇ ਮਸ਼ੀਨਾਂ ਨਾ ਚੱਲਣ ਕਾਰਨ ਰਾਸ਼ਨ ਲੈਣ ਆਏ ਲੋਕਾਂ ਨੂੰ ਘੰਟਿਆਂ ਬੱਧੀ ਗਰਮੀ ਵਿਚ ਕਤਾਰਾਂ ’ਚ ਖੜ੍ਹੇ ਰਹਿਣਾ ਪੈ ਰਿਹਾ ਹੈ।
ਤਪਾ ਮੰਡੀ, 13 ਅਗਸਤ (ਪ੍ਰਵੀਨ ਗਰਗ)-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਸਰਕਾਰੀ ਡੀਪੂਆਂ ’ਤੇ ਵੰਡੀ ਜਾਣ ਵਾਲੀ ਚਾਰ-ਚਾਰ ਮਹੀਨਿਆਂ ਦੀ ਕਣਕ ਮੌਕੇ ਸਰਵਰ ਅਤੇ ਨੈੱਟਵਰਕ ਦੀ ਸਮੱਸਿਆ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਤਪਾ ਅਤੇ ਇਲਾਕੇ ਦੇ ਡੀਪੂਆਂ ’ਤੇ ਲਗਾਤਾਰ ਸਰਵਰ ਡਾਊਨ ਹੋਣ ਤੇ ਮਸ਼ੀਨਾਂ ਨਾ ਚੱਲਣ ਕਾਰਨ ਰਾਸ਼ਨ ਲੈਣ ਆਏ ਲੋਕਾਂ ਨੂੰ ਘੰਟਿਆਂ ਬੱਧੀ ਗਰਮੀ ਵਿਚ ਕਤਾਰਾਂ ’ਚ ਖੜ੍ਹੇ ਰਹਿਣਾ ਪੈ ਰਿਹਾ ਹੈ। ਜਿਸ ਤੋਂ ਦੁਖੀ ਹੋਏ ਲੋਕਾਂ ਰਾਜ ਸਿੰਘ, ਅਸ਼ਵਨੀ ਕੁਮਾਰ, ਹਰਦੇਵ ਸਿੰਘ, ਕੁਲਦੀਪ ਸਿੰਘ, ਪਵਨ ਸਿੰਘ, ਅਮਰਜੀਤ ਕੌਰ, ਮਨਦੀਪ ਕੌਰ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਦੂਰ-ਦੁਰਾਡੇ ਤੋਂ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਡੀਪੂਆਂ ’ਤੇ ਪਹੁੰਚਦੇ ਹਨ, ਪਰ ਉੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਰਵਰ ਡਾਊਨ ਹੈ ਜਾਂ ਮਸ਼ੀਨ ਕੰਮ ਨਹੀਂ ਕਰ ਰਹੀ। ਕਈ ਵਾਰ ਇਕ-ਇਕ ਪਰਚੀ ਕੱਢਣ ਵਿਚ ਵੀ ਲੰਬਾ ਸਮਾਂ ਲੱਗ ਜਾਂਦਾ ਹੈ। ਜਦਕਿ ਮਜ਼ਦੂਰ ਵਰਗ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ ਕਿਉਂਕਿ ਰਾਸ਼ਨ ਲੈਣ ਲਈ ਡੀਪੂ ’ਤੇ ਕਈ ਘੰਟੇ ਖੜ੍ਹੇ ਰਹਿਣ ਕਾਰਨ ਉਨ੍ਹਾਂ ਦੀ ਦਿਹਾੜੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਦੀ ਕਰੀਬ 700 ਰੁਪਏ ਦੀ ਦਿਹਾੜੀ ਛੱਡ ਕੇ ਡੀਪੂ ’ਤੇ ਆਉਣ ਦੇ ਬਾਵਜੂਦ ਜੇਕਰ ਸਰਵਰ ਦੀ ਸਮੱਸਿਆ ਕਾਰਨ ਰਾਸ਼ਨ ਨਾ ਮਿਲੇ ਤਾਂ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ। ਜਿਸ ਦੇ ਚਲਦਿਆਂ ਰੋਹ ’ਚ ਆਏ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਚਾਰ-ਚਾਰ ਪਰਚੀਆਂ ਇੱਕੋ ਵਾਰ ਕੱਢਣ ਦੀ ਬਜਾਏ ਇਕ ਵਾਰ ਵਿਚ ਦੋ ਪਰਚੀਆਂ ਸਮੇਤ ਕਿੱਟਾਂ ਕੱਢਣ ਦੀ ਪ੍ਰਕਿਰਿਆ ਅਪਣਾਈ ਜਾਵੇ। ਇਸ ਨਾਲ ਡੀਪੂਆਂ ’ਤੇ ਭੀੜ ਘਟੇਗੀ, ਸਰਵਰ ’ਤੇ ਬੋਝ ਘੱਟ ਪਵੇਗਾ ਅਤੇ ਰਾਸ਼ਨ ਵੰਡਣ ਦੀ ਪ੍ਰਕਿਰਿਆ ਵੀ ਤੇਜ਼ ਹੋਵੇਗੀ। ਡੀਪੂ ਹੋਲਡਰਾਂ ਨੇ ਵੀ ਕਿਹਾ ਕਿ ਸਰਵਰ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਤਕਨੀਕੀ ਸਮੱਸਿਆ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਉਨ੍ਹਾਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸਰਵਰ ਡਾਊਨ ਦੀ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ।