ਬਰਨਾਲਾ, 1 ਅਪ੍ਰੈਲ (ਰਾਜ ਪਨੇਸਰ)-ਬਰਨਾਲਾ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 7 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜਿੰਦਰਪਾਲ ਸਿੰਘ ਉਪ-ਕਪਤਾਨ ਪੁਲਿਸ (ਇੰਨ:) ਬਰਨਾਲਾ ਨੇ ਦੱਸਿਆ ਕਿ ਸੀ.ਆਈ.ਏ. ਬਰਨਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਬਰਨਾਲਾ ਨੂੰ ਸੌਰਸ ਵਲੋਂ ਇਤਲਾਹ ਮਿਲੀ ਕਿ ਵਿਸ਼ਾਲ ਕੁਮਾਰ ਉਰਫ਼ ਵਿਸ਼ਾਲ ਪੁੱਤਰ ਗੋਤਮ ਮਾਝੀ ਤੇ ਲਵਦੀਪ ਸਿੰਘ ਉਰਫ਼ ਲਵੀ ਪੁੱਤਰ ਰਾਜਵਿੰਦਰ ਸਿੰਘ ਵਾਸੀਆਨ ਗਲੀ ਨੰਬਰ 1, ਗਰਚਾ ਰੋਡ, ਸੰਤ ਨਗਰ ਬਰਨਾਲਾ ਅਤੇ ਸੁਖਦੀਪ ਕੁਮਾਰ ਉਰਫ਼ ਸੋਨੂੰ ਪੁੱਤਰ ਨਰਿੰਦਰ ਕੁਮਾਰ ਵਾਸੀ ਰਾਮਦਾਸੀਆ ਨਗਰ ਖੁੱਡੀ ਕਲਾਂ ਨੇ ਆਪਣੇ ਹੋਰ ਸਾਥੀਆ ਨਾਲ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਮੋਟਰਸਾਈਕਲ ਚੋਰੀ ਕਰਨ ਅਤੇ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਮੋਟਰਸਾਈਕਲ ਲੁੱਟਣ/ਖੋਹਣ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਇਹ ਵਿਅਕਤੀ ਚੋਰੀ ਜਾਂ ਲੁੱਟ/ਖੋਹ ਕੀਤੇ ਮੋਟਰਸਾਈਕਲਾਂ ਹੀਰੋ ਸਪਲੈਡਰ ਰੰਗ ਕਾਲਾ, ਹੀਰੋ ਡੀਲਕਸ ਰੰਗ ਕਾਲਾ/ਲਾਲ ਅਤੇ ਹੀਰੋ ਸਪਲੈਡਰ ਰੰਗ ਸਿਲਵਰ ਪਰ ਗਰਚਾ ਰੋਡ ਬਰਨਾਲਾ ਅਤੇ ਆਈ.ਟੀ.ਆਈ. ਚੋਕ ਬਰਨਾਲਾ ਦੇ ਆਸ-ਪਾਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਘੁੰਮਦੇ ਵੇਖੇ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਮੁਕੱਦਮਾ ਦਰਜ਼ ਕਰ ਕੇ ਲਵਦੀਪ ਸਿੰਘ ਉਰਫ਼ ਲਵੀ ਅਤੇ ਸੁਖਦੀਪ ਕੁਮਾਰ ਉਰਫ਼ ਸੋਨੂੰ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਮੋਟਰਸਾਈਕਲ ਮਾਰਕਾ ਹੀਰੋ ਡੀਲਕਸ ਰੰਗ ਲਾਲ-ਕਾਲਾ ਬਿੰਨਾ ਨੰਬਰੀ ਅਤੇ 2 ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਸਿਲਵਰ ਤੇ ਕਾਲਾ ਬਿਨਾ ਨੰਬਰੀ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਮੁਕੱਦਮਾ ਵਿਚ ਜੁਰਮ 317 (2) ਦਾ ਵਾਧਾ ਕੀਤਾ ਗਿਆ, ਦੌਰਾਨੇ ਤਫ਼ਤੀਸ਼ ਉਕਤਾਨ ਵਿਅਕਤੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ, 2 ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨਾ ਨੰਬਰੀ, 1 ਮੋਟਰਸਾਈਕਲ ਮਾਰਕਾ ਹੀਰੋ ਸੱਪਲੈਡਰ ਪਲੱਸ ਰੰਗ ਸਿਲਵਰ ਬਿਨਾ ਨੰਬਰੀ, 1 ਮੋਟਰਸਾਈਕਲ ਮਾਰਕਾ ਹੀਰੋ ਡੀਲਕਸ ਰੰਗ ਕਾਲਾ ਬਿੰਨਾ ਨੰਬਰੀ ਬਰਾਮਦ ਹੋਏ | ਡੀ.ਐਸ.ਪੀ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਤਿੰਨੋਂ ਜਣੇ ਵੱਖ-ਵੱਖ ਸ਼ਹਿਰਾਂ ਬਠਿੰਡਾ, ਸੰਗਰੂਰ, ਪਟਿਆਲਾ, ਲੁਧਿਆਣਾ ਜਾਂ ਮੇਲਿਆਂ 'ਤੇ ਬੱਸ ਰਾਹੀਂ ਚੱਲੇ ਜਾਂਦੇ ਸਨ ਅਤੇ ਜਿੱਥੇ ਭੀੜ ਭੜੱਕੇ ਵਾਲੀਆਂ ਥਾਵਾਂ ਹੁੰਦੀਆਂ ਜਾਂ ਜਿੱਥੇ ਕਿਤੇ ਬਿਨਾਂ ਕਿਸੇ ਨਿਗਰਾਨੀ ਤੋਂ ਮੋਟਰਸਾਈਕਲ ਖੜੇ ਹੁੰਦੇ ਸੀ, ਉਨ੍ਹਾਂ ਨੂੰ ਚੋਰੀ ਕਰ ਲੈਂਦੇ ਸੀ ਅਤੇ ਅੱਗੇ ਆਪਣੇ ਜਾਣ-ਪਛਾਣ ਦੇ ਵਿਅਕਤੀ ਨੂੰ ਝੂਠ ਬੋਲਕੇ ਵੇਚ ਦਿੰਦੇ ਸੀ ਜਾਂ ਗਹਿਣੇ ਰੱਖ ਦਿੰਦੇ ਸੀ | ਉਨ੍ਹਾਂ ਪਾਸੋਂ ਕੁੱਝ ਪੈਸੇ ਸਾਈ ਦੇ ਤੌਰ 'ਤੇ ਲੈ ਲੈਂਦੇ ਸੀ ਅਤੇ ਬਾਕੀ ਪੈਸੇ ਕਾਗ਼ਜ਼/ਐਫੀਡੈਵਿਟ ਦੇਣ ਵਕਤ ਲੈਣ ਬਾਰੇ ਗੱਲ ਕਰ ਲੈਂਦੇ ਸੀ |