ਬਰਨਾਲਾ, 1 ਅਪ੍ਰੈਲ (ਰਾਜ ਪਨੇਸਰ)-ਸਥਾਨਕ ਧਨੌਲਾ ਰੋਡ 'ਤੇ ਗਿੱਲ ਨਗਰ ਨੂੰ ਜਾਣ ਵਾਲੀ ਸੜਕ 'ਤੇ ਖੜੇ ਪਾਣੀ ਕਾਰਨ ਰਾਹਗੀਰ ਤੇ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ ਹੈ | ਜਾਣਕਾਰੀ ਦਿੰਦਿਆਂ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਤੇ ਮੌਜੂਦਾ ਕੌਂਸਲਰ ਧਰਮ ਸਿੰਘ ਫ਼ੌਜੀ, ਜਗਸੀਰ ਸਿੰਘ, ਉਪ ਜੀਤ ਸਿੰਘ, ਰਿੰਕੂ ਸਿੰਘ, ਰਾਜੂ ਸਿੰਘ ਧਨੌਲਾ ਗਰੈਂਡਰ ਵਾਲੇ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਲੋਕਾਂ ਨੂੰ ਹਨੇਰੇ ਵਿਚ ਰੱਖਣ ਵਾਲੀ ਮੌਜੂਦਾ ਸਰਕਾਰ 'ਆਪ' ਤੋਂ ਲੋਕਾਂ ਦਾ ਮੋਹ ਭੰਗ ਹੋ ਚੱੁਕਿਆ ਹੈ, ਹੁਣ ਲੋਕ ਇਨ੍ਹਾਂ ਦੇ ਲਾਰਿਆਂ ਵਿਚ ਨਹੀਂ ਆਉਣਗੇ | ਪਿਛਲੇ 2-3 ਸਾਲਾਂ ਤੋਂ ਧਨੌਲਾ ਰੋਡ ਤੋਂ ਗਿੱਲ ਨਗਰ ਨੂੰ ਜਾਣ ਵਾਲੀ ਸੜਕ 'ਤੇ ਕਰੀਬ 2 ਫੱੁਟ ਡੂੰਘੇ ਟੋਏ ਪਏ ਹਨ | ਲੋਕਾਂ ਦੀ ਵਾਰ-ਵਾਰ ਪ੍ਰਸ਼ਾਸਨ ਨੂੰ ਕਹਿਣ 'ਤੇ 42 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲ ਲਗਾਉਣ ਦੇ ਕੰਮ ਸਬੰਧੀ ਕਰੀਬ 4 ਮਹੀਨੇ ਪਹਿਲਾਂ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਉਦਘਾਟਨ ਵੀ ਕੀਤਾ ਗਿਆ ਸੀ | ਪਰ ਐਨਾ ਸਮਾਂ ਬੀਤਣ ਤੋਂ ਬਾਅਦ ਅੱਜ ਤੱਕ ਇਸ ਸੜਕ ਨੂੰ ਬਣਾਉਣ ਤਾਂ ਦੂਰ ਦੀ ਗੱਲ ਹੈ, ਕੋਈ ਅਧਿਕਾਰੀ ਇਸ ਸੜਕ ਵੱਲ ਦੇਖਣ ਨੂੰ ਵੀ ਤਿਆਰ ਨਹੀਂ ਹੈ | ਪਿਛਲੇ 2-3 ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਾਣੀ ਸੜਕਾਂ 'ਤੇ ਖੜ੍ਹਾ ਹੈ | ਜਿਸ ਦੀ ਨਿਕਾਸੀ ਵੀ ਨਹੀਂ ਹੋ ਰਹੀ | ਸਕੂਲੀ ਬੱਚੇ, ਬਜ਼ੁਰਗ ਤੇ ਰਾਹਗੀਰ ਇਨ੍ਹਾਂ ਟੋਇਆਂ ਵਿਚ ਡਿੱਗੇ ਹਨ | ਅਸੀਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇ ਜਲਦੀ ਇਸ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਤਾਂ ਅਸੀਂ ਧਨੌਲਾ ਰੋਡ ਜਾਮ ਕਰਨ ਲਈ ਮਜਬੂਰ ਹੋਵਾਂਗੇ | ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਪ੍ਰਸ਼ਾਸਨ ਦੀ ਹੋਵੇਗੀ |