ਟੱਲੇਵਾਲ, 18 ਫਰਵਰੀ (ਸੋਨੀ ਚੀਮਾ)-ਬਸੰਤ ਮੋਟਰਜ਼ ਸਰੀ ਵਾਲੇ ਬਲਦੇਵ ਸਿੰਘ ਬਾਠ ਦੇ ਸਹਿਯੋਗ ਸਦਕਾ ਸ਼ਹੀਦ ਕਰਤਾਰ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੀਵਾਨਾ ਵਿਖੇ ਰਾਣਾ ਰਣਵੀਰ ਦੇ ਲਿਖੇ ਨਾਟਕ 'ਬੰਦੇ ਬਣੋ ਬੰਦੇ' ਦਾ ਮੰਚਨ ਕਰਵਾਇਆ ਗਿਆ | ਇਸ ਦੌਰਾਨ ਰਾਣਾ ਰਣਵੀਰ ਨੇ ਆਪਣੀ ਅਦਾਕਾਰੀ ਦੇ ਜਰੀਏ ਜਿੱਥੇ ਸਮਾਜਿਕ ਕੁਰੀਤੀਆਂ 'ਤੇ ਕਰਾਰੀ ਚੋਟ ਕਰਨ ਦੇ ਨਾਲ-ਨਾਲ ਕਰੂਰ ਹਕੀਕਤਾਂ, ਮਨੁੱਖੀ ਕਦਰਾਂ-ਕੀਮਤਾਂ ਅਤੇ ਆਮ ਲੋਕਾਂ ਦੀ ਰੋਜ਼ਮਰ੍ਹਾ ਦੇ ਮਸਲਿਆਂ ਨੂੰ ਬਿਆਨ ਕੀਤਾ | ਉੱਥੇ ਹੀ ਹਰ ਵਿਅਕਤੀ ਨੂੰ ਫੋਕੀ ਸ਼ੁਹਰਤ ਲਈ ਜ਼ਾਲਮਾਨਾ ਰੂਪ ਧਾਰਨ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ | ਨਾਟਕ ਦੀ ਪੇਸ਼ਕਾਰੀ ਦੌਰਾਨ ਨਾਟਕਕਾਰ ਰਾਣਾ ਰਣਵੀਰ ਨੇ ਆਪਣੇ ਸਹਿਯੋਗੀ ਕਲਾਕਾਰ ਰਾਜਵੀਰ ਬੋਪਾਰਾਏ ਦੇ ਨਾਲ ਨਾਟਕ 'ਬੰਦੇ ਬਣੋ ਬੰਦੇ' ਰਾਹੀਂ ਮੌਜੂਦਾ ਸਮੇਂ ਵਿਚ ਉਲਝੇ ਸਮਾਜਿਕ ਤਾਣੇ-ਬਾਣੇ 'ਤੇ ਤਿੜਕ ਰਹੇ ਰਿਸ਼ਤਿਆਂ ਦੀ ਗੱਲ ਕੀਤੀ | ਜਿਸ ਵਿਚ ਇਕ ਵਿਅਕਤੀ ਦੇ ਸਾਧਾਰਨ ਤੋਂ ਹੈਂਕੜਬਾਜ਼ ਬਣ ਕੇ ਆਪਣੇ ਹੀ ਪਰਿਵਾਰ ਪ੍ਰਤੀ ਜ਼ਾਲਮਾਨਾ ਰਵੱਈਆ ਅਪਣਾਉਣ ਤੇ ਪਰਿਵਾਰ ਦੀ ਖ਼ਾਤਮੇ ਉਪਰੰਤ ਇਕੱਲੇ ਰਹਿ ਜਾਣ ਪਿੱਛੋਂ ਪਛਤਾਉਣ ਦੀ ਦਰਦਨਾਕ ਦਾਸਤਾਨ ਬਿਆਨ ਕੀਤੀ ਗਈ | ਇਸ ਦੌਰਾਨ ਮੁੱਖ ਕਿਰਦਾਰ ਵਿਚ ਰਾਣਾ ਰਣਬੀਰ ਨੇ ਜਿੱਥੇ ਵਿਚ-ਵਿਚ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ, ਉੱਥੇ ਹੀ ਕਈ ਵਾਰ ਸੰਜੀਦਾ ਹੋ ਕੇ ਸੋਚਣ-ਵਿਚਾਰਨ ਲਈ ਵੀ ਮਜਬੂਰ ਕਰ ਦਿੱਤਾ | ਇਸ ਦੌਰਾਨ ਬਸੰਤ ਮੋਟਰਜ਼ ਸਰੀ ਵਾਲੇ ਬਲਦੇਵ ਸਿੰਘ ਬਾਠ, ਸ਼ਹੀਦ ਕਰਤਾਰ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਗ੍ਰਾਮ ਪੰਚਾਇਤ, ਐੱਨ.ਆਰ.ਆਈ ਵਲੋਂ ਨਾਟਕਕਾਰ ਰਾਣਾ ਰਣਬੀਰ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਜੀਵਾ ਫ਼ਿਲਮ ਅਦਾਕਾਰ ਤੇ ਨਿਰਦੇਸ਼ਕ ਜੀਵਾ, ਰਾਜਵੀਰ ਬੋਪਾਰਾਏ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਵਿਚੋਂ ਉਚੇਚੇ ਤੌਰ 'ਤੇ ਸਾਹਿਤ ਲੈ ਕੇ ਪੜ੍ਹਨ ਵਾਲੀਆਂ ਦੋ ਬੱਚੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪਰਦੀਪ ਦੀਵਾਨਾ, ਸੁਲਤਾਨ ਦੀਵਾਨਾ, ਸਾਬਕਾ ਸਰਪੰਚ ਰਣਜੀਤ ਸਿੰਘ, ਹਰਵਿੰਦਰ ਦੀਵਾਨਾ, ਜਗਸੀਰ ਮੈਂਬਰ, ਕੁਲਦੀਪ ਸਿੰਘ ਮੈਂਬਰ, ਗੁਰਨਾਮ ਸਿੰਘ ਮੈਂਬਰ, ਦੇਸ ਰਾਜ ਸਿੰਘ ਢਾਡੀ, ਜਸਵੰਤ ਦੀਵਾਨਾ ਢਾਡੀ ਆਦਿ ਹਾਜ਼ਰ ਸਨ |