18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੜਕਾਂ ਦੀ ਮਾੜੀ ਹਾਲਤ, ਟਰੈਫ਼ਿਕ ਅਤੇ ਹੋਰ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਬਰਨਾਲਾ ਵਾਸੀ <br/>

ਅਜੀਤ ਡੈਸਕ 19-02-2026
ਬਰਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਹੀ ਰਾਜਨੀਤਕ ਪਾਰਟੀ ਵਲੋਂ ਹੁਣੇ ਤੋਂ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਚਲਦਿਆਂ ਜਿੱਥੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਰਹੀਆਂ ਹਨ ਉੱਥੇ ਇਕ-ਦੂਜੇ ਖ਼ਿਲਾਫ਼ ਧਰਨਿਆਂ, ਰੋਸ ਮੁਜ਼ਾਹਰਿਆਂ ਰਾਹੀਂ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬੇਸ਼ੱਕ ਸੂਬੇ ਵਿਚ ਵਿਰੋਧੀ ਰਾਜਨੀਤਕ ਪਾਰਟੀ ਦੇ ਵੱਡੇ ਆਗੂਆਂ ਵਲੋਂ ਤਾਂ ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਬਾਖ਼ੂਬੀ ਉਠਾਇਆ ਜਾ ਰਿਹਾ ਹੈ ਪਰ ਜੇਕਰ ਜ਼ਿਲ੍ਹਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਇੱਥੋਂ ਦੇ ਵਿਰੋਧੀ ਰਾਜਨੀਤਕ ਆਗੂਆਂ ਨੇ ਲੋਕਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਅਤੇ ਲੋਕਾਂ ਨਾਲ ਸਬੰਧਿਤ ਜ਼ਰੂਰੀ ਮਸਲਿਆਂ ਤੋਂ ਜਿਵੇਂ ਆਪਣਾ ਮੂੰਹ ਫੇਰਿਆ ਹੋਇਆ ਹੈ | ਵਿਰੋਧੀ ਰਾਜਨੀਤਕ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਵੱਡੇ ਆਗੂਆਂ ਦੀ ਲੋਕ ਮਸਲਿਆਂ ਪ੍ਰਤੀ ਚੁੱਪ ਦਾ ਅਫ਼ਸਰਸ਼ਾਹੀ ਨੂੰ ਵੀ ਕਿਤੇ ਨਾ ਕਿਤੇ ਫ਼ਾਇਦਾ ਵੀ ਮਿਲ ਰਿਹਾ ਹੈ ਕਿਉਂਕਿ ਅਨੇਕਾਂ ਸਮੱਸਿਆਵਾਂ ਨਾਲ ਘਿਰੇ ਸ਼ਹਿਰ ਬਰਨਾਲਾ ਵਾਸੀਆਂ ਪ੍ਰਤੀ ਕਿਸੇ ਵੀ ਰਾਜਨੀਤਕ ਆਗੂ ਦੇ ਖੁੱਲ੍ਹ ਕੇ ਨਾ ਬੋਲਣ ਕਾਰਨ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ | ਸ਼ਹਿਰ ਬਰਨਾਲਾ ਦੀਆਂ ਸਮੱਸਿਆਵਾਂ ਵੱਲ ਝਾਤ ਮਾਰੀ ਜਾਵੇ ਤਾਂ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਦੀ ਮਾੜੀ ਹਾਲਤ ਹੋ ਚੁੱਕੀ ਹੈ, ਸ਼ਹਿਰ ਦੀਆਂ ਲਗਭਗ 70 ਫ਼ੀਸਦੀ ਤੋਂ ਵਧੇਰੇ ਸਟਰੀਟ ਲਾਈਟਾਂ ਰਾਤ ਸਮੇਂ ਬੰਦ ਰਹਿੰਦੀਆਂ ਹਨ, ਟਰੈਫ਼ਿਕ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਤੇ ਕੁੱਤਿਆਂ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ, ਸ਼ਹਿਰ ਦੇ ਪ੍ਰਮੁੱਖ ਸਦਰ ਬਾਜ਼ਾਰ ਦੀ ਸੜਕ ਜਿਸ ਨੂੰ ਲਗਭਗ ਡੇਢ ਸਾਲ ਪਹਿਲਾਂ ਸੀਵਰੇਜ ਪਾਉਣ ਲਈ ਪੁੱਟਿਆ ਗਿਆ ਸੀ ਨੂੰ ਦੁਬਾਰਾ ਨਹੀਂ ਬਣਾਇਆ ਗਿਆ, ਸ਼ਹਿਰ ਵਿਚ ਮੇਨ ਹਾਈਵੇ ਤੋਂ ਦਾਖਲ ਹੋਣ ਵਾਲੀਆਂ ਸੜਕਾਂ ਦੀ ਮਾੜੀ ਹਾਲਤ, ਸ਼ਹਿਰ ਵਿਚ ਬੰਦ ਪਏ ਜਨਤਕ ਪਖਾਨਿਆਂ, ਪਹਿਲਾਂ ਹੋਏ ਕੰਮਾਂ ਵਿਚ ਲੱਗੇ ਘਟਿਆ ਮਟੀਰੀਅਲ ਅਤੇ ਵੱਡੀ ਪੱਧਰ 'ਤੇ ਹੋ ਰਹੇ ਭਿ੍ਸ਼ਟਾਚਾਰ, ਸਿਵਲ ਹਸਪਤਾਲ ਵਿਚ ਨਵਜੰਮੇ ਬੱਚਿਆਂ ਲਈ ਨਰਸਰੀ ਸੈਂਟਰ ਸ਼ੁਰੂ ਨਾ ਹੋ ਸਕਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਸ਼ਹਿਰ ਵਾਸੀ ਜੂਝ ਰਹੇ ਹਨ ਪਰ ਵਿਰੋਧੀ ਪਾਰਟੀਆਂ ਦੇ ਆਗੂ ਚੁੱਪ ਹਨ | ਇਸ ਤੋਂ ਇਲਾਵਾ ਬਰਨਾਲਾ ਨਗਰ ਨਿਗਮ ਬਣਨ ਦੇ ਤਿੰਨ ਮਹੀਨਿਆਂ ਬਾਅਦ ਵੀ ਵਿਕਾਸ ਕਾਰਜ ਸ਼ੁਰੂ ਨਾ ਹੋ ਸਕਣ ਤੇ ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵੀ ਵਿਰੋਧੀ ਪਾਰਟੀਆਂ ਦੇ ਆਗੂ ਬਿਲਕੁਲ ਨਹੀਂ ਬੋਲ ਰਹੇ | ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਵਿਰੋਧੀ ਪਾਰਟੀਆਂ ਪ੍ਰਤੀ ਗ਼ੁੱਸਾ ਵੀ ਪਾਇਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਰਾਜਨੀਤਕ ਪਾਰਟੀਆਂ ਦੇ ਬਹੁਤ ਸਾਰੇ ਆਗੂਆਂ ਦਾ ਕੰਮ ਦੇਖੋ-ਦੇਖੀ ਹੁਣ ਸਿਰਫ਼ ਖ਼ੁਸ਼ੀ-ਗਮੀ ਦੇ ਸਮਾਗਮਾਂ ਦੀਆਂ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਪਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕੋਈ ਸਰੋਕਾਰ ਨਹੀਂ | ਜੇਕਰ ਲੋਕ ਮਸਲਿਆਂ ਅਤੇ ਸਮੱਸਿਆਵਾਂ ਤੋਂ ਇਸੇ ਤਰ੍ਹਾਂ ਹੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਮੂੰਹ ਫੇਰਦੇ ਰਹੇ ਤਾਂ ਅੱਗੋਂ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਨੇ ਇਨ੍ਹਾਂ ਤੋਂ ਦੂਰੀ ਬਣਾ ਲੈਣੀ ਹੈ | ਇਸ ਲਈ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਲੋਕਾਂ ਵਿਚ ਆਪਣਾ ਆਧਾਰ ਕਾਇਮ ਕਰਨ ਲਈ ਲੋਕਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਰਾਜਨੀਤਕ ਆਗੂਆਂ ਦੇ ਲੋਕ ਮਸਲਿਆਂ ਪ੍ਰਤੀ ਸੁਚੇਤ ਹੋਣ ਨਾਲ ਪ੍ਰਸ਼ਾਸਨ ਸਹੀ ਢੰਗ ਨਾਲ ਆਪਣਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ |

ਪਿਛਲੀ ਖ਼ਬਰ ਮਾਸਟਰ ਬਲਦੇਵ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਹੋ ਰਹੇ ਨੇ ਸੜਕ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।