18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਹੋ ਰਹੇ ਨੇ ਸੜਕ ਹਾਦਸੇ

ਅਜੀਤ ਡੈਸਕ 19-02-2026
ਰੂੜੇਕੇ ਕਲਾਂ, 18 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਪਿਛਲੇ ਇਕ ਸਾਲ ਤੋਂ ਲੈ ਕੇ ਬਣੇ ਵੱਡੇ ਟੋਇਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ | ਜਿਸ ਸਬੰਧੀ ਕਿ ਜ਼ਿਲ੍ਹੇ ਦੇ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ | ਇਲਾਕਾ ਨਿਵਾਸੀਆਂ ਵਲੋਂ ਅਨੇਕਾਂ ਵਾਰ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਦੇ ਹੱਲ ਕਰਨ ਦੀ ਮੰਗ ਦੇ ਬਾਵਜੂਦ ਜ਼ਿੰਮੇਵਾਰ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਮੁੱਖ ਮਾਰਗ 'ਤੇ ਬਣੇ ਖੱਡੇ ਦਿਖਾਉਂਦੇ ਹੋਏ ਸਮਾਜ ਸੇਵੀ ਮੁਲਾਜ਼ਮ ਵਿੰਗ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਗਮੇਲ ਸਿੰਘ ਪੱਖੋ ਕਲਾਂ, ਕਲੱਬ ਦੇ ਆਗੂ ਨੌਜਵਾਨ ਗਗਨਦੀਪ ਸਿੰਘ, ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸਕੱਤਰ ਗੁਰਜੰਟ ਸਿੰਘ ਮਾਨ ਪੱਖੋ ਕਲਾਂ, ਬਲਦੇਵ ਸਿੰਘ ਸਿੱਧੂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਾਜ਼ਰ ਸਿੰਘ, ਲਖਵਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਲੈ ਕੇ ਮੁੱਖ ਮਾਰਗ 'ਤੇ ਵੱਡੇ ਟੋਏ ਬਣੇ ਹੋਏ ਹਨ | ਜਿਸ ਸਬੰਧੀ ਕਿ ਅਨੇਕਾਂ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਦਰਜਨਾਂ ਸੜਕ ਹਾਦਸੇ ਹੋ ਚੁੱਕੇ ਹਨ | ਪਿਛਲੇ ਸਮੇਂ ਪਿੰਡ ਧੌਲਾ ਦਾ ਇਕ ਨੌਜਵਾਨ ਜੋ ਕਿ ਪਿੰਡ ਪੱਖੋ ਕਲਾਂ ਵਿਖੇ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਅਤੇ ਦੂਜਾ ਨੌਜਵਾਨ ਪਿੰਡ ਪੱਖੋ ਕਲਾਂ ਤੋਂ ਜੋ ਕਿ ਪਾਵਰ ਕਾਰਪੋਰੇਸ਼ਨ ਦੇ ਵਿਚ ਨੌਕਰੀ ਕਰਦਾ ਸੀ | ਦੋਨੋਂ ਨੌਜਵਾਨਾਂ ਦੇ ਮੋਟਰਸਾਈਕਲ ਮਾਰਗ ਦੇ ਟੋਇਆਂ ਨੂੰ ਬਚਾਉਂਦਿਆਂ ਮੁੱਖ ਮਾਰਗ 'ਤੇ ਰੂੜੇਕੇ ਕਲਾਂ ਵਿਖੇ ਸੜਕ ਹਾਦਸਾ ਹੋਇਆ ਸੀ | ਜਿਸ ਵਿਚ ਕਿ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ ਸੀ | ਇਸ ਤੋਂ ਇਲਾਵਾ ਦਰਜਨਾਂ ਹੋਰ ਵੀ ਸੜਕ ਹਾਦਸੇ ਹੋ ਚੁੱਕੇ ਹਨ | ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਇਲਾਕਾ ਨਿਵਾਸੀਆਂ ਦੇ ਵਹੀਕਲ ਟੱੁਟ ਰਹੇ ਹਨ | ਇਕੱਤਰ ਹੋਏ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗ 'ਤੇ ਬਣੇ ਵੱਡੇ ਟੋਏ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ | ਕਿਰਪਾ ਕਰ ਕੇ ਇਸ ਦਾ ਹੱਲ ਕੀਤਾ ਜਾਵੇ | ਜੇਕਰ ਪ੍ਰਸ਼ਾਸਨਿਕ ਅਧਿਕਾਰੀ ਇਲਾਕਾ ਨਿਵਾਸੀਆਂ ਦੀ ਸੁਣਵਾਈ ਨਹੀਂ ਕਰਦੇ ਤਾਂ ਫੇਰ ਮੁੱਖ ਮਾਰਗ ਦੇ ਟੋਇਆਂ ਤੋਂ ਦੁਖੀ ਇਲਾਕਾ ਨਿਵਾਸੀਆਂ ਨੂੰ ਸੰਘਰਸ਼ ਕਰ ਕੇ ਆਪਣੀ ਆਵਾਜ਼ ਸਰਕਾਰ ਤੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਸਨ |
ਕੀ ਕਹਿਣਾ ਹੈ ਵਿਭਾਗ ਦੇ ਅਧਿਕਾਰੀਆਂ ਦਾ :
ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਦੇ ਐਕਸੀਅਨ ਸੰਗਰੂਰ ਨਵਦੀਪ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੁੱਖ ਮਾਰਗ ਦੀ ਰਿਪੇਅਰ ਕਰਨ ਲਈ ਟੈਂਡਰ ਹੋ ਚੁੱਕਿਆ ਹੈ | ਹੰਡਿਆਇਆ ਚੌਕ ਵਿਖੇ ਮੁੱਖ ਮਾਰਗ 'ਤੇ ਪੱਥਰ ਪਾਉਣ ਦਾ ਕੰਮ ਕੱਲ੍ਹ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਮੁੱਖ ਮਾਰਗ ਰੂੜੇਕੇ ਕਲਾਂ ਤੇ ਪੱਖੋ ਕਲਾਂ ਵਿਖੇ ਬਣੇ ਟੋਏ 15 ਦਿਨਾਂ ਦੇ ਅੰਦਰ-ਅੰਦਰ ਬੰਦ ਕਰਵਾ ਦਿੱਤੇ ਜਾਣਗੇ | ਇਕ ਸਾਲ ਮੁੱਖ ਮਾਰਗ ਦੇ ਰੱਖ ਰਖਾਅ ਲਈ ਟੈਂਡਰ ਪਾਸ ਹੋ ਚੁੱਕਿਆ ਹੈ |

ਪਿਛਲੀ ਖ਼ਬਰ ਸੜਕਾਂ ਦੀ ਮਾੜੀ ਹਾਲਤ, ਟਰੈਫ਼ਿਕ ਅਤੇ ਹੋਰ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਬਰਨਾਲਾ ਵਾਸੀ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।