ਬਰਨਾਲਾ, 29 ਜਨਵਰੀ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਸੀ. ਆਈ. ਏ. ਸਟਾਫ਼ ਵਲੋਂ ਤਿੰਨ ਵਿਅਕਤੀਆਂ ਨੂੰ 125 ਕਿੱਲੋ ਭੱੁਕੀ ਚੂਰਾ ਪੋਸਤ, ਕੈਂਟਰ ਸਮੇਤ ਕਾਬੂ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਤਸਕਰਾਂ, ਸਮਗਲਰਾਂ, ਗੈਂਗਸਟਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਨੇ ਗਰੋਹ ਬਣਾਇਆ ਹੋਇਆ ਹੈ, ਜੋ ਕਿ ਬਾਹਰਲੇ ਸੂਬੇ 'ਚੋਂ ਭੱੁਕੀ ਲਿਆ ਕੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪਿੰਡਾਂ, ਕਸਬਿਆਂ 'ਚ ਵੇਚਣ ਦੇ ਆਦੀ ਹਨ | ਜੋ ਕਿ ਅੱਜ ਵੀ ਭਾਰੀ ਮਾਤਰਾ 'ਚ ਭੱੁਕੀ ਚੂਰਾ ਪੋਸਤ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹਨ ਤਾਂ ਪੁਲਿਸ ਵਲੋਂ ਬਠਿੰਡਾ ਰੋਡ 'ਤੇ ਪੂਰੀ ਟੀਮ ਸਮੇਤ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਕੈਂਟਰ ਨੰ: ਪੀ.ਬੀ. 13 ਬੀ-5575 ਬਠਿੰਡਾ ਤੋਂ ਬਰਨਾਲਾ ਵੱਲ ਆ ਰਿਹਾ ਸੀ | ਜਿਸ 'ਚ ਜਸਪ੍ਰੀਤ ਸਿੰਘ ਜੱਸਾ ਪੱੁਤਰ ਸ਼ਮਸ਼ੇਰ ਸਿੰਘ ਵਾਸੀ ਕਾਉਂਕੇ ਕਲਾਂ, ਗੁਰਦੀਪ ਸਿੰਘ ਗੱਗੂ ਪੱੁਤਰ ਗੁਰਵਿੰਦਰ ਸਿੰਘ ਵਾਸੀ ਗਿੱਲ (ਲੁਧਿਆਣਾ) ਬੈਠੇ ਸਨ | ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ 'ਚੋਂ 125 ਕਿੱਲੋ ਭੱੁਕੀ ਚੂਰਾ ਪੋਸਤ ਬਰਾਮਦ ਹੋਈ | ਪੁਲਿਸ ਕਾਰਵਾਈ ਅਨੁਸਾਰ ਤਿੰਨੋ ਵਿਅਕਤੀਆਂ ਨੂੰ ਭੱੁਕੀ, ਕੈਂਟਰ ਸਮੇਤ ਕਾਬੂ ਕਰ ਕੇ ਥਾਣਾ ਸਦਰ ਬਰਨਾਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਹਨ |