ਉਸਾਰੀ ਕਿਰਤੀਆਂ ਦੀਆਂ ਲਾਭਦਾਇਕ ਸਕੀਮਾਂ ਦਾ ਰੋਕਿਆ ਪੈਸਾ ਫੌਰੀ ਤੌਰ ’ਤੇ ਜਾਰੀ ਕੀਤਾ ਜਾਵੇ-ਗੋਰਾ, ਉੱਡਤ, ਲੋਚਮਾ
ਰਾਏਕੋਟ, 22 ਅਗਸਤ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵਿਚ ਰਜਿਸਟਰ ਉਸਾਰੀ ਕਿਰਤੀਆਂ ਦੀਆਂ ਲਾਭਦਾਇਕ ਵੱਖ-ਵੱਖ ਸਕੀਮਾਂ ਦਾ ਪੈਸਾ ਪੰਜਾਬ ਸਰਕਾਰ ਵਲੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਉੱਡਤ ਤੇ ਜਨਰਲ ਸਕੱਤਰ ਨਾਇਬ ਸਿੰਘ ਲੋਚਮਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਜੇਕਰ ਫੌਰੀ ਤੌਰ ’ਤੇ ਮਜ਼ਦੂਰਾਂ ਦਾ ਰੋਕਿਆ ਲਾਭ ਜਾਰੀ ਨਾ ਕੀਤਾ ਗਿਆ ਤਾਂ ਮਜ਼ਬੂਰਨ ਜਥੇਬੰਦੀ ਪੰਜਾਬ ਪੱਧਰ ਦਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ । ਆਗੂਆਂ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮਿਹਨਤਕਸ਼ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਪੂਰੇ ਨਹੀਂ ਕੀਤੇ ਗਏ ਸਗੋਂ ਉਸਾਰੀ ਕਿਰਤੀਆਂ ਲਈ ਲਾਲ ਝੰਡੇ ਦੇ ਦਬਾਅ ਸਦਕਾ ਬਣੇ 1996 ਦੇ ਕਾਨੂੰਨ ਨੂੰ ਪਿਛਲੇ ਸਾਢੇ ਚਾਰ ਸਾਲਾਂ ਵਿਚ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਅਤੇ ਹੁਣ ਪਹਿਲੀਆਂ ਸਰਕਾਰਾਂ ਵਿਚ ਰਜਿਸਟਰ ਕਾਮਿਆਂ ਦੀਆਂ ਸਕੀਮਾਂ ਦਾ ਪੈਸਾ ਰੋਕ ਕੇ ਮਜ਼ਦੂਰਾਂ ਲਈ ਬਣੇ ਇ ਸ ਲਾਹੇਵੰਦ ਕਾਨੂੰਨ ਨੂੰ ਖ਼ਤਮ ਕਰਨ ਦੀ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਹੈ, ਜਿਸ ਨੂੰ ਮਿਹਨਤਕਸ਼ ਉਸਾਰੀ ਕਿਰਤੀ ਕਾਮੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।