ਸਾਹਨੇਵਾਲ, 7 ਮਈ (ਹਨੀ ਚਾਠਲੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਛੋਟੇ ਕਾਰੋਬਾਰੀਆਂ ਲਈ ਵੱਡਾ ਝਟਕਾ ਹੈ | ਇਸ ਨਾਲ ਜਿੱਥੇ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਵਾਲਿਆਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਉੱਥੇ ਹੀ ਇਸ ਦਾ ਅਸਰ ਆਮ ਲੋਕਾਂ 'ਤੇ ਵੀ ਪਵੇਗਾ ਕਿਉਂ ਕਿ ਲੋਕਾਂ ਨੂੰ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ 'ਚ ਖਾਣ ਪੀਣ ਬਦਲੇ ਦੁੱਗਣੀ ਰਾਸ਼ੀ ਅਦਾ ਕਰਨੀ ਪਵੇਗੀ | ਇਹ ਪ੍ਰਗਟਾਵਾ ਸਾਹਨੇਵਾਲ ਮੁੱਖ ਚੌਕ ਦੇ ਨਜ਼ਦੀਕ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਨ ਉਪਰੰਤ ਸਾਹਨੇਵਾਲ ਨਗਰ ਕੌਂਸਲ ਦੇ ਕੌਂਸਲਰ ਅਤੇ 'ਆਪ' ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਕੌਂਸਲਰ ਬਿਮਰੋ ਨੇ ਕਿਹਾ ਕਿ ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣਾ ਸਿਰਫ਼ ਕਾਰੋਬਾਰੀਆਂ ਲਈ ਹੀ ਨਹੀਂ, ਸਗੋਂ ਆਮ ਲੋਕਾਂ ਲਈ ਵੀ ਮੁਸ਼ਕਿਲ ਵਧਾਉਂਦਾ ਹੈ ਇਸ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਵੇਗਾ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਛੋਟੇ ਕਾਰੋਬਾਰੀ ਵੀ ਆਪਣਾ ਕਾਰੋਬਾਰ ਵਧੀਆਂ ਢੰਗ ਨਾਲ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ |