ਦੋਰਾਹਾ, 1 ਅਪ੍ਰੈਲ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਤੇ ਬਲਵੀਰ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਖੇਤਰ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੇ ਕੇਂਦਰੀ ਟਰੇਡ ਯੂਨੀਅਨ ਦੇ ਸੰਘਰਸ਼ ਸੱਦੇ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਬਿਜਲੀ ਬੋਰਡ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਕਾਮਿਆਂ ਨੂੰ ਸ਼ਾਮਲ ਕਰਕੇ ਕੇਂਦਰ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ ਵਿਰੁੱਧ ਡਿਵੀਜ਼ਨ ਦੋਰਾਹਾ ਵਿਖੇ ਕਾਲੇ ਬਿੱਲੇ ਲਾ ਕੇ ਕਾਲਾ ਦਿਵਸ ਮਨਾਇਆ ਗਿਆ | ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਵੱਡੀ ਪੱਧਰ 'ਤੇ ਸੋਧਾਂ ਕਰਕੇ, ਮੁਲਾਜ਼ਮ ਮਜ਼ਦੂਰ ਪੱਖੀ ਲਗਭਗ 44 ਕਿਰਤ ਕਾਨੂੰਨ ਰੱਦ ਕਰ ਦਿੱਤੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਰਾਸ ਬੈਠਦੇ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਗਏ ਹਨ | ਪਹਿਲੇ ਕਿਰਤ ਕਾਨੂੰਨ ਕੱੁਝ ਹੱਦ ਤੱਕ ਮੁਲਾਜ਼ਮ ਮਜ਼ਦੂਰ ਨੂੰ ਰਾਹਤ ਦਿੰਦੇ ਸਨ, ਇਹਨਾਂ ਤਬਕਿਆਂ ਨੂੰ ਜਥੇਬੰਦ ਹੋਣ ਦਾ ਅਧਿਕਾਰ ਹਾਸਲ ਸੀ, ਮੈਨੇਜਮੈਂਟਾਂ ਵੱਲੋਂ ਮੰਗਾਂ ਮਸਲਿਆਂ ਦਾ ਹੱਲ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਹਾਸਲ ਸੀ | ਫਿਰ ਵੀ ਜੇਕਰ ਮੈਨੇਜਮੈਂਟਾਂ ਟੱਸ ਤੋਂ ਮੱਸ ਨਹੀਂ ਹੁੰਦੀਆਂ ਸਨ ਤਾਂ ਹੜਤਾਲ ਕਰਨ ਦਾ ਅਧਿਕਾਰ ਹਾਸਲ ਸੀ | ਜੋ ਕਿ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਦੇ ਰਾਹ ਵਿੱਚ ਵੱਡੀ ਰੁਕਾਵਟ ਸਨ | ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਪੱਖੀ ਫ਼ੈਸਲਾ ਲੈਂਦਿਆਂ ਪਹਿਲੇ ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਪਾਸ ਕਰ ਦਿੱਤੇ ਹਨ | ਮੁਲਾਜ਼ਮਾਂ ਮਜ਼ਦੂਰਾਂ ਕੋਲੋਂ ਜਥੇਬੰਦ ਹੋਣ ਦਾ ਅਧਿਕਾਰ ਖੋਹ ਲਿਆ ਗਿਆ ਹੈ, ਲੜਨ ਵਾਲੇ ਲੋਕਾਂ ਕੋਲੋਂ ਅੰਦੋਲਨ ਕਰਨ ਅਤੇ ਹੜਤਾਲ ਕਰਨ ਦਾ ਅਧਿਕਾਰ ਵੀ ਖੋ ਲਿਆ ਗਿਆ ਹੈ | ਜੇਕਰ ਇਹ ਲੇਬਰ ਕੋਡ ਲਾਗੂ ਹੋ ਜਾਂਦੇ ਹਨ ਤਾਂ ਕਾਰਪੋਰੇਟਾਂ ਨੂੰ ਕਿਰਤੀ ਲੋਕਾਂ ਕੋਲੋਂ 12 ਘੰਟੇ ਕੰਮ ਦਿਹਾੜੀ ਦਾ ਕਾਨੂੰਨੀ ਅਧਿਕਾਰ ਮਿਲ ਜਾਵੇਗਾ | ਮਈ ਦਿਵਸ ਦੇ ਸ਼ਹੀਦਾਂ ਨੇ ਜੋ ਆਪਣੀਆਂ ਸ਼ਹੀਦੀਆਂ ਦੇ ਕੇ ਅੱਠ ਘੰਟੇ ਕੰਮ ਦਿਹਾੜੀ ਦਾ ਅਧਿਕਾਰ ਹਾਸਿਲ ਕੀਤਾ ਸੀ ਉਹ ਵੀ ਖੁੱਸ ਜਾਵੇਗਾ | ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਅਤੇ ਅਥਾਹ ਮੁਨਾਫ਼ੇ ਕਮਾਉਣ ਲਈ ਰਾਹ ਪੱਧਰਾ ਹੋ ਜਾਵੇਗਾ | ਬੁਲਾਰਿਆਂ ਨੇ ਮੰਗ ਕੀਤੀ ਕਿ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਰੱਦ ਕਰਕੇ ਪਹਿਲੇ 44 ਕਿਰਤ ਕਾਨੂੰਨ ਬਹਾਲ ਰੱਖੇ ਜਾਣ | ਗੇਟ ਰੈਲੀ ਵਿੱਚ ਵੱਖ ਵੱਖ ਆਗੂਆਂ ਬੁੱਧ ਸਿੰਘ, ਰਜੀਵ ਕੁਮਾਰ ਜੇ. ਈ. ਅਵਤਾਰ ਸਿੰਘ, ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ |