ਮਾਛੀਵਾੜਾ ਸਾਹਿਬ, 30 ਮਾਰਚ (ਰਾਜਦੀਪ ਸਿੰਘ ਅਲਬੇਲਾ)- ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੇਰ ਸ਼ਾਮ ਕਿਹਾ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਸਾਡੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਵਿਚ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਅਤੇ ਪਰਿਵਾਰ ਨਾਲ ਮਸ਼ਵਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕਾਤਲ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ ਅਤੇ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ | ਉਦੋਂ ਤੱਕ ਉਹ ਮਿ੍ਤਕ ਪਰਮਿੰਦਰ ਤਿਵਾੜੀ ਦੀ ਲਾਸ਼ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਰੋਸ ਵਜੋਂ ਅੱਜ 31 ਮਾਰਚ ਨੂੰ ਸਵੇਰੇ 10 ਵਜੇ ਪਿੰਡ ਹਾੜੀਆਂ ਦੇ ਮਾਲਵਾ ਚੌਂਕ ਵਿਚ ਰੋਸ ਧਰਨਾ ਦਿੱਤਾ ਜਾਵੇਗਾ | ਜਿਸ ਵਿਚ ਉਨ੍ਹਾਂ ਪਾਰਟੀ ਵਰਕਰਾਂ, ਆਮ ਲੋਕਾਂ ਅਤੇ ਹੋਰ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਤਿਵਾੜੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਸ ਸੰਘਰਸ਼ ਵਿਚ ਸਾਡਾ ਸਾਥ ਦੇਣ | ਰਾਜਾ ਗਿੱਲ ਨੇ ਕਿਹਾ ਕਿ ਇਸ ਰੋਸ ਧਰਨੇ 'ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਵੀ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਸਾਬਕਾ ਸਰਪੰਚ ਸੁਖਦੀਪ ਸਿੰਘ ਸੋਨੀ, ਪਰਮਜੀਤ ਪੰਮੀ, ਹਰਚੰਦ ਸਿੰਘ ਆਦਿ ਵੀ ਮੌਜੂਦ ਸਨ | ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਕਤਲ ਮਾਮਲੇ ਵਿਚ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਵਿਚ ਮੁੱਖ ਮੁਲਜ਼ਮ ਵਿਜੈ ਕੁਮਾਰ ਦਾ ਪਿਤਾ ਜੈ ਸਿੰਘ, ਭਰਾ ਅਮਰੀਸ਼ ਤੇ ਰਵੀ ਅਤੇ ਇੱਕ ਮਾਮਾ ਸ਼ਾਮਲ ਹਨ | ਪੁਲਿਸ ਅਨੁਸਾਰ ਵਿਜੈ ਕੁਮਾਰ ਤੇ ਇਸ ਦਾ ਪਰਿਵਾਰ ਪਿਛਲੇ 2 ਦਿਨਾਂ ਤੋਂ ਪਰਮਿੰਦਰ ਤਿਵਾੜੀ ਦਾ ਕਤਲ ਕਰਨ ਦੀ ਫ਼ਿਰਾਕ ਵਿਚ ਸਨ ਤੇ ਮੌਕੇ ਦੀ ਤਲਾਸ਼ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਵਿਜੈ ਕੁਮਾਰ ਨੂੰ ਗਿ੍ਫ਼ਤਾਰ ਕਰਨ ਲਈ ਤਿੰਨ ਪੁਲਿਸ ਟੀਮਾਂ ਲੱਗੀਆਂ ਹਨ ਅਤੇ ਛਾਪੇਮਾਰੀ ਜਾਰੀ ਹੈ | ਥਾਣਾ ਮੁਖੀ ਨੇ ਕਿਹਾ ਕਿ ਮੁੱਖ ਮੁਲਜ਼ਮ ਵਿਜੈ ਕੁਮਾਰ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਖ਼ੁਲਾਸੇ ਹੋ ਸਕਦੇ ਹਨ ਕਿ ਇਸ ਕਤਲ ਮਾਮਲੇ ਵਿਚ ਹੋਰ ਕੌਣ ਕੌਣ ਸ਼ਾਮਲ ਹਨ | ਲੁਧਿਆਣਾ ਦੇ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਕਤਲ ਕੀਤੇ ਕਾਂਗਰਸੀ ਆਗੂ ਤਿਵਾੜੀ ਦੇ ਕਥਿਤ ਮੁੱਖ ਦੋਸ਼ੀ ਵਿਜੇ ਦਾ ਪਿਤਾ ਜੈ ਸਿੰਘ ਪੁੱਤਰ ਬਨਾਰਸੀ ਦਾਸ, ਭਰਾ ਰਵੀ ਕੁਮਾਰ ਤੇ ਅਮਰੀਸ਼ ਤੇ ਮਾਮਾ ਸੁਨੀਲ ਸਾਰੇ ਵਾਸੀ ਪਿੰਡ ਖੋਖਰ ਗਿ੍ਫਤਾਰ ਕਰ ਲਏ ਗਏ ਹਨ | ਜਦਕਿ ਮੁੱਖ ਦੋਸ਼ੀ ਦੀ ਭਾਲ ਜਾਰੀ ਹੈ |