ਮਾਛੀਵਾੜਾ ਸਾਹਿਬ, 19 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਲੰਘੀ 18 ਫਰਵਰੀ ਮਾਛੀਵਾੜਾ ਪੁਲਿਸ ਥਾਣਾ ਅੰਦਰ 2 ਨਿਹੰਗ ਸਿੰਘਾਂ ਵਲੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਏ ਵਿਅਕਤੀਆਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ 'ਤੇ ਪੁਲਿਸ ਨੇ ਰਵਿੰਦਰ ਸਿੰਘ ਉਰਫ਼ ਬਿੰਦਾ ਵਾਸੀ ਭੱਟੀਆਂ ਅਤੇ ਅਮਨਜੋਤ ਸਿੰਘ ਵਾਸੀ ਜੱਸੋਵਾਲ ਖ਼ਿਲਾਫ਼ 2 ਮਾਮਲੇ ਦਰਜ ਕੀਤੇ ਹਨ | ਪਹਿਲਾ ਮਾਮਲਾ ਨਿਰਭੈ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ, ਜਿਸ ਵਿਚ ਉਸ ਨੇ ਕਿਹਾ ਕਿ ਉਹ ਮਿਹਨਤ, ਮਜ਼ਦੂਰੀ ਕਰਦਾ ਹੈ ਅਤੇ 17 ਫਰਵਰੀ ਦੀ ਸ਼ਾਮ 7 ਵਜੇ ਪਿੰਡ ਦੇ ਅੱਡੇ ਨੇੜੇ ਰਵਿੰਦਰ ਸਿੰਘ ਤੇ ਉਸ ਦੇ ਨਾਲ ਇੱਕ ਲੜਕਾ ਅਮਨਜੋਤ ਸਿੰਘ ਆਏ, ਜਿਨ੍ਹਾਂ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਸੀ ਤੇ ਗਾਲੀ-ਗਲੋਚ ਕਰਨ ਲੱਗੇ | ਰਵਿੰਦਰ ਸਿੰਘ ਨੇ ਆਪਣੇ ਹੱਥ 'ਚ ਫੜ੍ਹੀ ਕਿਰਪਾਨ ਕੱਢ ਮੇਰੇ 'ਤੇ ਹਮਲਾ ਕਰ ਦਿੱਤਾ ਜੋ ਮੇਰੇ ਮੋਢੇ 'ਤੇ ਲੱਗਾ ਅਤੇ ਦੂਜਾ ਵਾਰ ਖੱਬੇ ਹੱਥ 'ਤੇ ਲੱਗਿਆ | ਇਸ ਤੋਂ ਇਲਾਵਾ ਦੂਜੇ ਵਿਅਕਤੀ ਅਮਨਜੋਤ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ | ਇਸੇ ਤਰ੍ਹਾਂ 18 ਫਰਵਰੀ ਨੂੰ ਸਵੇਰੇ ਪੁਲਿਸ ਥਾਣਾ ਅੰਦਰ ਕੁੱਝ ਵਿਅਕਤੀ ਇਨ੍ਹਾਂ ਨਿਹੰਗ ਸਿੰਘਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਏ ਤਾਂ ਉੱਥੇ ਇਨ੍ਹਾਂ ਦੋਵਾਂ ਨੇ ਤਲਵਾਰਾਂ ਕੱਢ ਕੇ ਉਨ੍ਹਾਂ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ ਵਿਚ 3 ਵਿਅਕਤੀ ਜ਼ਖ਼ਮੀ ਹੋ ਗਏ ਸਨ | ਹਸਪਤਾਲ ਵਿਚ ਜ਼ਖ਼ਮੀ ਕਮਲਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਇਹ ਦੋਵੇਂ ਨਿਹੰਗ ਸਿੰਘ ਨੌਕਰ ਨਿਰਭੈ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਦੁਖੀ ਹੋ ਕੇ ਉਹ ਸਾਡੇ ਘਰ ਆ ਗਿਆ | ਜਦੋਂ ਉਸ ਨੇ ਨਿਹੰਗ ਸਿੰਘਾਂ ਨੂੰ ਪੁੱਛਿਆ ਕਿ ਇਸ ਨੂੰ ਤੰਗ ਕਿਉਂ ਕਰਦੇ ਹੋ ਤਾਂ ਇਸ ਨੇ ਨੌਕਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ | ਬਿਆਨਕਰਤਾ ਅਨੁਸਾਰ ਸਵੇਰੇ ਜਦੋਂ ਉਹ ਆਪਣੇ ਪਿਤਾ ਨਾਲ ਵਰਨਾ ਕਾਰ ਵਿਚ ਜਾ ਰਿਹਾ ਸੀ ਤਾਂ ਅੱਗੇ ਨਿਹੰਗ ਸਿੰਘ ਨੇ ਆਪਣੀ ਗੱਡੀ ਸਾਡੇ ਵਿਚ ਲਿਆ ਕੇ ਮਾਰੀ ਜਿਸ ਕਾਰਨ ਉਸ ਦੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ | ਗੱਡੀ ਮਾਰਨ ਤੋਂ ਬਾਅਦ ਰਵਿੰਦਰ ਸਿੰਘ ਆਪਣੀ ਕਾਰ ਭਜਾ ਕੇ ਲੈ ਗਿਆ | ਸ਼ਿਕਾਇਤਕਰਤਾ ਅਨੁਸਾਰ ਜਦੋਂ ਸਬੰਧੀ ਉਹ ਮਾਛੀਵਾੜਾ ਥਾਣਾ ਦੇ ਬਾਹਰ ਸ਼ਿਕਾਇਤ ਦਰਜ ਕਰਵਾਉਣ ਲਈ ਖੜੇ ਸਨ ਤਾਂ ਫਿਰ ਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਨੇ ਆ ਕੇ ਉਨ੍ਹਾਂ 'ਤੇ ਤਲਵਾਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤੇ | ਉਕਤ ਵਿਅਕਤੀਆਂ ਨੇ ਪੁਲਿਸ ਥਾਣੇ ਦੇ ਗੇਟ ਨੇੜੇ ਹੋਏ ਝਗੜੇ ਵਿਚ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ | ਮਾਛੀਵਾੜਾ ਪੁਲਿਸ ਵਲੋਂ ਦੂਜਾ ਪਰਚਾ ਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਨੂੰ ਗਿ੍ਫ਼ਤਾਰ ਕਰ ਕਾਤਲਾਨਾ ਹਮਲਾ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |