ਮਾਛੀਵਾੜਾ ਸਾਹਿਬ, 17 ਫਰਵਰੀ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ | ਸਿੱਖਿਆ ਮੰਤਰੀ ਵਲੋਂ ਪਹਿਲਾਂ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੇਖਿਆ ਕਿ ਕੱੁਝ ਕਲਾਸ-ਰੂਮ ਬਹੁਤ ਵਧੀਆ ਹਾਲਤ ਵਿਚ ਬਣੇ ਹੋਏ ਸਨ, ਪਰ ਕੁੱਝ ਥਾਵਾਂ 'ਤੇ ਬੱਚਿਆਂ ਦੀਆਂ ਕਲਾਸਾਂ ਵਿਚ ਰੌਸ਼ਨੀ ਦੀ ਘਾਟ ਅਤੇ ਛੱਤਾਂ 'ਤੇ ਜਾਲ੍ਹੇ ਲੱਗੇ ਹੋਏ ਸਨ | ਉਨ੍ਹਾਂ ਤੁਰੰਤ ਪਿ੍ੰਸੀਪਲ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ਼-ਸੁਥਰਾ ਮਾਹੌਲ ਚਾਹੀਦਾ ਹੈ ਅਤੇ ਜੋ ਵੀ ਉਣਤਾਈਆਂ ਹਨ ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇ | ਇੱਥੇ ਕਲਾਸ ਵਿਚ ਜਦੋਂ ਉਨ੍ਹਾਂ ਨੇ ਕੁੱਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਨ੍ਹਾਂ ਨੂੰ ਕਿਤਾਬ 'ਚੋਂ ਪੜ੍ਹਨਾ ਨਾ ਆਇਆ ਅਤੇ ਬੱਚਿਆਂ ਨੇ ਦੱਸਿਆ ਕਿ ਉਹ ਇੰਦਰਾ ਕਾਲੋਨੀ ਦੇ 4 ਨੰਬਰ ਸਕੂਲ 'ਚੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ | ਸਿੱਖਿਆ ਮੰਤਰੀ ਨੂੰ ਮਹਿਸੂਸ ਹੋਇਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4 ਵਿਚ ਹੀ ਕੁੱਝ ਖ਼ਾਮੀਆਂ ਹੋਣਗੀਆਂ ਜਿੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਨਹੀਂ ਪੜ੍ਹਾਈ ਗਈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੁਰੰਤ ਇੰਦਰਾ ਕਾਲੋਨੀ ਦੇ ਸਕੂਲ ਵਿਚ ਪਹੁੰਚ ਗਏ, ਜਿੱਥੇ ਉਨ੍ਹਾਂ ਬੱਚਿਆਂ ਦੀ ਅਧਿਆਪਕ ਬਣ ਕੇ ਕਲਾਸ ਲਗਾਈ ਅਤੇ ਪੰਜਾਬੀ ਪੜ੍ਹਨ ਨੂੰ ਕਿਹਾ | ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਲਾਸ ਵਿਚ ਮੌਜੂਦ ਕੁੱਲ 28 ਬੱਚਿਆਂ 'ਚੋਂ ਕੇਵਲ 8 ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀ ਜਦਕਿ ਬਾਕੀ ਸਪਸ਼ਟ ਤੌਰ 'ਤੇ ਆਪਣੀ ਮਾਂ ਭਾਸ਼ਾ ਪੰਜਾਬੀ ਹੀ ਨਹੀਂ ਪੜ੍ਹ ਸਕੇ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੰਦਰਾ ਕਾਲੋਨੀ ਦੇ ਪ੍ਰਾਇਮਰੀ ਸਕੂਲ ਦੀ ਸਲਾਨਾ ਰਿਪੋਰਟ ਮੰਗਵਾਈ ਤਾਂ ਉਹ ਵੀ ਦੇਖ ਕੇ ਹੈਰਾਨ ਹੋਏ ਕਿ ਉਸ ਵਿਚ ਇਹ ਭੇਜਿਆ ਗਿਆ ਕਿ ਸਾਰੇ ਵਿਦਿਆਰਥੀ ਦੀ ਰਿਪੋਰਟ ਚੰਗੀ ਹੈ ਜਿਨ੍ਹਾਂ ਨੂੰ ਲਿਖਣਾ ਤੇ ਬੋਲਣਾ ਵਧੀਆ ਢੰਗ ਨਾਲ ਆਉਂਦਾ ਹੈ | ਮੰਤਰੀ ਨੇ ਅਧਿਆਪਕਾਂ ਨੂੰ ਝਾੜ ਲਗਾਉਂਦਿਆਂ ਕਿਹਾ ਕਿ ਰਿਪੋਰਟਾਂ ਵਿਚ ਸਭ ਕੁੱਝ ਠੀਕ ਚੱਲ ਰਿਹਾ ਹੈ ਪਰ ਜ਼ਮੀਨੀ ਪੱਧਰ 'ਤੇ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਸਕੂਲ ਵਿਚ ਪੰਜਾਬੀ ਹੀ ਨਹੀਂ ਪੜ੍ਹਨੀ ਆ ਰਹੀ | ਇੰਦਰਾ ਕਾਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਿੱਖਿਆ ਦਾ ਮਾੜਾ ਹਾਲ ਦੇਖ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਮਾਛੀਵਾੜਾ ਦੇ ਬੀ. ਪੀ. ਈ. ਓ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ | ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਚੰਗੀ ਕਲਾਸ ਲਗਾਈ ਕਿ ਉਹ ਵਧੀਆ ਤਨਖ਼ਾਹਾਂ ਲੈ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸੁਚੱਜੇ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਜਾ ਰਹੀ ਜੋ ਕਿ ਬਹੁਤ ਮੰਦਭਾਗਾ ਹੈ |
ਅਧਿਆਪਕ ਨੇ ਕਿਹਾ ਕਿ ਪੋਸਟਾਂ ਖਾਲੀ ਹਨ ਅਸੀਂ ਕਿਵੇਂ ਪੜ੍ਹਾਈਏ
ਜਦੋਂ ਸਿੱਖਿਆ ਮੰਤਰੀ ਨੇ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਚ ਦੌਰਾ ਕੀਤਾ ਤਾਂ ਉੱਥੇ ਪੱਤਰਕਾਰਾਂ ਨੇ ਧਿਆਨ ਵਿਚ ਲਿਆਂਦਾ ਕਿ 13 ਪੋਸਟਾਂ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਖਾਲੀ ਹਨ | ਇਸ ਤੋਂ ਇਲਾਵਾ ਇੰਦਰਾ ਕਾਲੋਨੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੀ ਕਹਿੰਦੇ ਰਹੇ ਕਿ ਇੱਥੇ 298 ਵਿਦਿਆਰਥੀ ਹਨ ਉਹ ਤਿੰਨ ਅਧਿਆਪਕ ਹਨ | ਇੱਥੇ ਵੀ ਸਟਾਫ਼ ਦੀ ਘਾਟ ਕਾਰਨ ਪੜ੍ਹਾਈ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਪਰ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਆਪਣੀ ਡਿਊਟੀ ਸਮਝਦੇ ਹੋਏ ਪੜ੍ਹਾਉਣ ਤਾਂ ਸੁਚੱਜੇ ਢੰਗ ਨਾਲ |
ਸਿੱਖਿਆ ਮੰਤਰੀ ਬੈਂਸ ਵਲੋਂ ਮਾਛੀਵਾੜਾ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ
ਅਜੀਤ ਡੈਸਕ
18-02-2026