ਮਲੌਦ, 17 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੱਧਸਰ ਸਾਹਿਬ ਸਿਹੋੜਾ ਵਿਖੇ ਹੋਈ | ਮੀਟਿੰਗ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਮਾ: ਰਾਜਿੰਦਰ ਸਿੰਘ ਸਿਆੜ੍ਹ, ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ੍ਹ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿਚ ਮਨਜੀਤ ਸਿੰਘ ਸ਼ੀਹਾਂ ਦੌਦ, ਲਖਵਿੰਦਰ ਸਿੰਘ ਲਾਡੀ ਉਕਸੀ, ਰਾਜਪਾਲ ਸਿੰਘ ਦੁਧਾਲ, ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਜਿਹੜੇ ਕਰ ਮੁਕਤ ਵਪਾਰ ਸਮਝੌਤੇ ਕਰ ਰਹੀ ਹੈ, ਉਹ ਖੇਤੀਬਾੜੀ, ਛੋਟੇ ਕਾਰੋਬਾਰੀਆਂ, ਛੋਟੇ ਉਦਯੋਗਾਂ ਨੂੰ ਬਿੱਲਕੁਲ ਖ਼ਤਮ ਕਰ ਦੇਣਗੇ | ਇਸ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਲੋਕ ਹਿੱਤੂ ਜਥੇਬੰਦੀਆਂ ਵਲੋਂ 22 ਫਰਵਰੀ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਉਪਰੋਕਤ ਆਗੂਆਂ ਤੋਂ ਇਲਾਵਾ ਗੁਰਮੁਖ ਸਿੰਘ ਜੋਗੀਮਾਜਰਾ, ਦਰਸ਼ਨ ਸਿੰਘ ਰੱਬੋਂ ਉੱਚੀ, ਬਲਵਿੰਦਰ ਸਿੰਘ ਨਿਜ਼ਾਮਪੁਰ, ਬਰਿੰਦਰਪਾਲ ਸਿੰਘ ਸ਼ੀਹਾਂ ਦੌਦ, ਜਸਵੰਤ ਸਿੰਘ ਸਿਹੋੜਾ ਸੁਰਜੀਤ ਸਿੰਘ ਨਵਾਂ ਪਿੰਡ ਅਤੇ ਮਨਮਿੰਦਰ ਸਿੰਘ ਕੂਹਲੀ ਕਲਾਂ ਨੇ ਵੀ ਵਿਚਾਰ ਚਰਚਾ ਕੀਤੀ | ਅੰਤ ਵਿੱਚ ਪਿਛਲੇ ਦਿਨੀਂ ਗਿ੍ਫ਼ਤਾਰ ਹੋਏ ਕਿਸਾਨ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ |