ਮਾਛੀਵਾੜਾ ਸਾਹਿਬ, 22 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਨੇ ਵਿਦੇਸ਼ ਗਈ ਮੰਗੇਤਰ ਨੂੰ ਬਲੈਕਮੇਲ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਕਥਿਤ ਦੋਸ਼ ਹੇਠ ਪਰਵਿੰਦਰ ਸਿੰਘ ਵਾਸੀ ਮਾਛੀਵਾੜਾ ਹਾਲ ਵਾਸੀ ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਦਰਜ ਕਰਵਾਉਂਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਚਰਨਪ੍ਰੀਤ ਕੌਰ 2 ਸਾਲ ਤੋਂ ਵਿਦੇਸ਼ ਯੂ. ਕੇ. ਗਈ ਹੋਈ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰ ਰੋਜ਼ਗਾਰ ਕਰ ਰਹੀ ਹੈ | ਬਿਆਨਕਰਤਾ ਅਨੁਸਾਰ ਉਸ ਦੀ ਲੜਕੀ ਨੂੰ ਪਰਵਿੰਦਰ ਸਿੰਘ ਗਲਤ ਮੈਸੇਜ, ਗਾਲੀ ਗਲੋਚ ਤੇ ਬਲੈਕਮੇਲ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ | ਇਹ ਵੀ ਧਮਕੀਆਂ ਦੇ ਰਿਹਾ ਹੈ ਕਿ ਉਸ ਨੂੰ ਉਹ ਯੂ. ਕੇ. ਵਿਚ ਹੀ ਖ਼ਤਮ ਕਰਵਾ ਦੇਵੇਗਾ | ਸ਼ਿਕਾਇਤਕਰਤਾ ਪਰਵਿੰਦਰ ਸਿੰਘ ਪਹਿਲਾਂ ਮਾਛੀਵਾੜਾ ਵਿਖੇ ਰਹਿੰਦਾ ਸੀ ਅਤੇ ਮੇਰੀ ਲੜਕੀ ਇਸ ਨਾਲ ਵਿਆਹ ਕਰਵਾਉਣ ਲਈ ਮੰਨ ਗਈ ਸੀ | ਪ੍ਰੰਤੂ ਜਦੋਂ ਕੁੱਝ ਸਮੇਂ ਬਾਅਦ ਇਸ ਨੂੰ ਪਤਾ ਲੱਗਾ ਕਿ ਪਰਵਿੰਦਰ ਸਿੰਘ ਨਸ਼ਾ ਤੇ ਸ਼ਰਾਬ ਪੀਣ ਦਾ ਆਦੀ ਹੈ ਤਾਂ ਇਸ ਨੂੰ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੱਤਾ ਸੀ | ਸ਼ਿਕਾਇਤਕਰਤਾ ਹਰਦੀਪ ਸਿੰਘ ਅਨੁਸਾਰ ਪਰਵਿੰਦਰ ਸਿੰਘ ਹੁਣ ਵੀ ਉਸ ਦੀ ਲੜਕੀ ਚਰਨਪ੍ਰੀਤ ਕੌਰ ਨੂੰ ਯੂ. ਕੇ. ਵਿਚ ਫ਼ੋਨ ਕਰ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਦਾ ਪਿੱਛਾ ਨਹੀਂ ਛੱਡ ਰਿਹਾ, ਜਿਸ ਕਾਰਨ ਉਸ ਦੀ ਲੜਕੀ ਮਾਨਸਿਕ ਪ੍ਰੇਸ਼ਾਨ ਹੋ ਕੇ ਕੰਮ ਤੋਂ ਵਿਹਲੀ ਬੈਠੀ ਹੈ | ਇਸ ਲਈ ਮੇਰੀ ਲੜਕੀ ਨੂੰ ਉਕਤ ਵਿਅਕਤੀ ਤੋਂ ਖ਼ਤਰਾ ਹੈ, ਜਿਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |