ਮਾਛੀਵਾੜਾ ਸਾਹਿਬ, 22 ਜਨਵਰੀ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸੂਬੇ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧ ਵਿਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਮਾਛੀਵਾੜਾ ਬਲਾਕ ਦੇ ਪਿੰਡ ਭੱਟੀਆਂ ਦੇ ਇਕ ਪੀੜਤ ਪਰਿਵਾਰ ਦੇ ਘਰ ਤੋਂ ਕੀਤੀ | ਇਸ ਮੌਕੇ ਵਿਧਾਇਕ ਦਿਆਲਪੁਰਾ ਦੇ ਨਾਲ ਕੁੱਝ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਸਨ | ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਤਾ ਲੱਗਿਆ ਸੀ ਕਿ ਸਮਰਾਲਾ ਹਲਕੇ ਦੇ ਪਿੰਡ ਭੱਟੀਆਂ ਦੇ ਵਿਚ ਇੱਕ ਪਰਿਵਾਰ ਦੇ ਦੋ ਨੌਜਵਾਨ ਪੁੱਤਰ ਜਿਨ੍ਹਾਂ ਦੀ ਸੜਕ ਦੁਰਘਟਨਾ ਵਿਚ ਇੱਕ ਨੌਜਵਾਨ ਦੀਆਂ ਦੋਨੋਂ ਬਾਂਹਾਂ ਕੱਟੀਆਂ ਗਈਆਂ ਸਨ ਤੇ ਦੂਸਰੇ ਨੌਜਵਾਨ ਪੁੱਤਰ ਦਾ ਚੂਲਾ ਟੁੱਟਣ ਤੋਂ ਇਲਾਵਾ ਰੀੜ੍ਹ ਦੀ ਹੱਡੀ ਦੇ ਮਣਕੇ ਵੀ ਦੱਬ ਗਏ ਹਨ ਤੇ ਪਰਿਵਾਰ ਦੀ ਹਾਲਤ ਠੀਕ ਨਹੀਂ ਹੈ | ਕਿਉਂਕਿ ਪਰਿਵਾਰ ਨੂੰ ਰੋਟੀ ਕਮਾ ਕੇ ਦੇਣ ਵਾਲੇ ਦੋ ਨੌਜਵਾਨ ਪੁੱਤਰ ਹੀ ਸਨ, ਜੋ ਇਸ ਵਕਤ ਇਲਾਜ ਕਰਵਾਉਣ ਲਈ ਵੀ ਮੁਹਤਾਜ ਹੋਏ ਪਏ ਸਨ | ਇਸ ਸੰਬੰਧ ਵਿਚ ਵਿਧਾਇਕ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਇਸ ਪਰਿਵਾਰ ਦੇ ਘਰ ਜਾ ਕੀਤੀ |