ਭੁੱਚੋ ਮੰਡੀ, 17 ਮਈ (ਪਰਵਿੰਦਰ ਸਿੰਘ ਜੌੜਾ)-ਸ਼ਹਿਰ ਵਿਚ ਸੀਵਰੇਜ ਓਵਰਫਲੋ ਹੋ ਕੇ ਲੀਕੇਜ ਹੋਣ ਨਾਲ ਲੋਕ ਪ੍ਰੇਸ਼ਾਨ ਹਨ | ਦੂਜੇ ਪਾਸੇ ਚੋਣਾਂ ਦੇ ਚਾਅ 'ਚ ਉਲਝੇ ਸਿਆਸੀ ਪਾਰਟੀਆਂ ਦੇ ਲੋਕਾਂ ਕੋਲ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸਮਾਂ ਨਹੀਂ ਹੈ | ਸਿਹਤ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਛੇਤੀ ਮਸਲਾ ਹੱਲ ਨਾ ਹੋਇਆ ਤਾਂ ਸੀਵਰੇਜ ਦੇ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਸਕਦਾ ਹੈ | ਨਗਰ ਕੌਂਸਲ ਦੇ ਦਰਜਾ ਚਾਰ ਸਫਾਈ ਸੇਵਕ ਕਰਮਚਾਰੀਆਂ ਵਲੋਂ ਲਗਾਤਾਰ 10ਵੇਂ ਦਿਨ ਵੀ ਹੜਤਾਲ 'ਤੇ ਜਾਣ ਕਾਰਨ ਸ਼ਹਿਰ ਦੀ ਹਰ ਗਲੀ ਵਿਚ ਕੂੜੇ ਦੇ ਢੇਰ ਲੱਗ ਗਏ ਹਨ, ਨਾਲ ਸਥਿਤੀ ਹੋਰ ਬਦਤਰ ਹੋ ਗਈ ਹੈ | ਸਥਾਨਕ ਗੁਰੂ ਤੇਗ ਬਹਾਦਰ ਮਾਰਕਿਟ ਦੇ ਆਲੇ ਦੁਆਲੇ 4 ਥਾਵਾਂ ਤੋਂ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ ਡੱਗਾਂ ਵਿਚੋਂ ਓਵਰਫਲ ਹੋ ਕੇ ਸੜਕਾਂ 'ਤੇ ਵਹਿ ਰਿਹਾ ਹੈ, ਨਾਲ ਲੋਕਾਂ ਨੂੰ ਉੱਥੋਂ ਲੰਘਣਾ ਅਤੇ ਮੁਸ਼ਕੇ ਵਾਤਾਵਰਣ ਵਿਚ ਸਾਹ ਲੈਣਾ ਵੀ ਦੁੱਭਰ ਹੋਇਆ ਪਿਆ ਹੈ | ਮਾਰਕਿਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਇਸ ਸਮੱਸਿਆ ਵਲ ਧਿਆਨ ਨਹੀਂ ਦੇ ਰਹੇ | ਵਾਰਡ ਨੰਬਰ 8 ਵਿਚ ਵੀ ਸੀਵਰੇਜ ਲੀਕੇਜ ਦੀ ਸਮੱਸਿਆ ਹੈ | ਸੀਵਰੇਜ ਦੇ ਇਸ ਗੰਦੇ ਪਾਣੀ ਤੋਂ ਚਮੜੀ ਰੋਗ, ਸਾਹ ਰੋਗ, ਮਲੇਰੀਆ ਅਤੇ ਪੇਚਸ ਵਰਗੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਵਲੋਂ ਜਲਦੀ ਹੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਨਗਰ ਕੌਂਸਲ ਖ਼ਿਲਾਫ਼ ਸੰਘਰਸ਼ ਵਿੱਢਣਾ ਪਵੇਗਾ |