ਨਥਾਣਾ, 17 ਮਈ (ਲੁੱਧੜ): ਬਲਾਕ ਖੇਤੀਬਾੜੀ ਦਫ਼ਤਰ ਨਥਾਣਾ ਵਿਖੇ ਮੱਕੀ ਉਤਪਾਦਕ ਕਿਸਾਨਾਂ ਵਲੋਂ ਫ਼ਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੀ ਕਾਸ਼ਤ ਲਈ ਸਰਕਾਰ ਵਲੋਂ ਐਲਾਨੀ ਗਈ ਸਹਿਯੋਗ ਰਾਸ਼ੀ ਦੀ ਦੂਜੀ ਕਿਸ਼ਤ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕਰਮਚਾਰੀਆਂ ਨੂੰ ਮੰਗ-ਪੱਤਰ ਸੌਂਪਿਆ ਗਿਆ | ਨਗਰ ਨਥਾਣਾ ਦੇ ਕਿਸਾਨਾਂ ਅਮਰਜੀਤ ਸਿੰਘ, ਲਖਵੀਰ ਸਿੰਘ, ਕਮਲਦੀਪ ਸਿੰਘ, ਬਲਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਸਕੀਮ ਤਹਿਤ ਪਿਛਲੇ ਸਾਲ ਮੱਕੀ ਦੀ ਕਾਸ਼ਤ ਲਈ 7000 ਰੁਪਏ ਪ੍ਰਤੀ ਏਕੜ ਦੀ ਸਹਿਯੋਗ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਅੱਧ ਪਹਿਲੀ ਕਿਸ਼ਤ ਕਿਸਾਨਾਂ ਨੂੰ ਜਾਰੀ ਕਰ ਦਿੱਤੀ ਗਈ ਸੀ ਅਤੇ ਅੱਧੀ ਰਾਸ਼ੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੀ ਗਈ, ਜਦੋਂ ਕਿ ਹੁਣ ਅਗਲੇ ਸਾਲ ਮੱਕੀ ਦੀ ਬਿਜਾਈ ਦਾ ਸਮਾਂ ਦੁਬਾਰਾ ਆ ਗਿਆ ਹੈ | ਮੱਕੀ ਉਤਪਾਦਕ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਮੱਕੀ ਦੀ ਕਾਸ਼ਤ ਲਈ ਐਲਾਨੀ ਸਹਿਯੋਗੀ ਰਾਸ਼ੀ ਨੂੰ ਧਿਆਨ ਵਿਚ ਰੱਖ ਕੇ ਆਪਣੇ ਖੇਤਾਂ ਵਿਚ ਮੱਕੀ ਦੀ ਫ਼ਸਲ ਬੀਜੀ ਸੀ, ਪਰ ਐਲਾਨੀ ਗਈ ਰਾਸ਼ੀ ਦਾ ਅੱਧ ਅਜੇ ਤੱਕ ਕਿਸਾਨਾਂ ਲਈ ਜਾਰੀ ਨਾ ਹੋਣਾ ਸਰਕਾਰੀ ਤੰਤਰ ਦੀ ਭਰੋਸੇਯੋਗਤਾ ਨੂੰ ਧੁੰਦਲਾ ਕਰਦਾ ਹੈ | ਮੱਕੀ ਉਤਪਾਦਕ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮੱਕੀ ਦੀ ਕਾਸ਼ਤ ਲਈ ਐਲਾਨੀ ਗਈ ਸਹਿਯੋਗੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ | ਖੇਤੀਬਾੜੀ ਦਫ਼ਤਰ ਨਥਾਣਾ ਦੇ ਸਬ ਇੰਸਪੈਕਟਰ ਪ੍ਰਸ਼ੋਤਮ ਲਾਲ ਠਾਕੁਰ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ-ਪੱਤਰ ਜ਼ਿਲ੍ਹਾ ਅਧਿਕਾਰੀਆਂ ਤੱਕ ਤੁਰੰਤ ਪਹੁੰਚਦਾ ਕੀਤਾ ਜਾਵੇਗਾ |