ਸੰਗਤ ਮੰਡੀ, 17 ਮਈ (ਸੁਖਤੇਜ ਧਾਲੀਵਾਲ)-ਤੂੜੀ ਵਾਲਾ ਕੁੱਪ ਪੰਜਾਬੀ ਸੱਭਿਆਚਾਰ ਅਤੇ ਖੇਤੀਬਾੜੀ ਦਾ ਇਕ ਅਹਿਮ ਹਿੱਸਾ ਰਿਹਾ ਹੈ ਜਿਸ ਦੀ ਮਹੱਤਤਾ ਪਸ਼ੂ ਪਾਲਣ ਅਤੇ ਰਵਾਇਤੀ ਖੇਤੀ ਵਿਚ ਬਹੁਤ ਜ਼ਿਆਦਾ ਹੈ | ਇਸ ਸਬੰਧੀ ਪਿ੍ੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਕੁੱਪ ਦਾ ਮੁੱਖ ਉਦੇਸ਼ ਕਣਕ ਦੀ ਤੂੜੀ ਨੂੰ ਸਾਲ ਭਰ ਲਈ ਸੁਰੱਖਿਅਤ ਜਮ੍ਹਾਂ ਕਰਕੇ ਰੱਖਣਾ ਹੈ | ਕੁੱਪ ਤੂੜੀ ਨੂੰ ਮੀਂਹ ਅਤੇ ਧੁੱਪ ਤੋਂ ਬਚਾਉਂਦਾ ਹੈ ਜਿਸ ਨਾਲ ਤੂੜੀ ਖਰਾਬ ਨਹੀਂ ਹੁੰਦੀ | ਕੁੱਪ ਬਣਾਉਣਾ ਇਕ ਕਲਾ ਹੈ ਜਿਸ ਵਿਚ ਕਾਹੀ, ਪਰਾਲੀ, ਸਰਕੜੇ ਦੀਆਂ ਵੇੜਾਂ ਅਤੇ ਰੱਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੰਜਾਬੀ ਵਿਰਾਸਤ ਦੀ ਝਲਕ ਪਾਉਂਦੀ ਹੈ | ਕੁੱਪ ਬੰਨਣਾ ਕੋਈ ਆਸਾਨ ਕੰਮ ਨਹੀਂ ਹੈ | ਕੁੱਪ ਬੰਨ੍ਹਣ ਲਈ ਪਰਾਲੀ, ਸਲਵਾੜ, ਅਰਹਰ ਦੀਆਂ ਛਟੀਆਂ ਸੁੱਖਾ, ਕਣਕ ਦਾ ਨਾੜ ਆਦਿ ਨੂੰ ਵਰਤਿਆ ਜਾਂਦਾ ਸੀ | ਕੁੱਪ ਬੰਨ੍ਹਣ ਲਈ ਇਕ ਗੋਲ ਚੱਕਰ ਵਿਚ ਚਾਰ ਪੰਜ ਲੱਕੜ ਦੇ ਕਿੱਲੇ ਗੱਡ ਕੇ ਲੋਹੇ ਦੀ ਤਾਰ ਜਾਂ ਵੇੜ ਫੇਰੀ ਜਾਂਦੀ ਅਤੇ ਉਸ ਦੇ ਅੰਦਰ ਸਲਵਾੜ, ਪਰਾਲੀ, ਕਾਹੀ ਵਗੈਰਾ ਨੂੰ ਲਗਾ ਕੇ ਤੂੜੀ ਦੀਆਂ ਪੰਡਾਂ ਲਿਆ ਕੇ ਉਸ ਵਿਚ ਸੁੱਟੀਆਂ ਜਾਂਦੀਆਂ | ਇਸ ਤਰ੍ਹਾਂ ਕੁੱਪ ਦਾ ਥੱਲਾ ਤੁਰ ਪੈਂਦਾ | ਇਕ ਜਾਂ ਦੋ ਆਦਮੀ ਤੂੜੀ ਦੀਆਂ ਪੰਡਾਂ ਖੋਲ੍ਹਣ ਅਤੇ ਤੂੜੀ ਦੀ ਦਬਾਉਣ ਲਈ ਕੁੱਪ ਦੇ ਅੰਦਰ ਹੁੰਦੇ ਸਨ, ਬਾਕੀ ਤੂੜੀ ਦੀਆਂ ਪੰਡਾਂ ਨੂੰ ਭਰਨ ਅਤੇ ਕੁੱਪ ਤੱਕ ਪਹੁੰਚਾਉਣ ਦਾ ਕੰਮ ਕਰਦੇ | ਜਿਵੇਂ ਜਿਵੇਂ ਕੁੱਪ ਵਿੱਚ ਤੂੜੀ ਪੈਂਦੀ ਜਾਂਦੀ ਤਾਂ ਉਸਦੀ ਉਚਾਈ ਉੱਚੀ ਹੁੰਦੀ ਚਲੀ ਜਾਂਦੀ ਅਤੇ ਨਾਲ ਨਾਲ ਤਾਰ ਦੇ ਗੇੜ ਲਗਾਉਣ ਦਾ ਕੰਮ ਜਾਰੀ ਰਹਿੰਦਾ | ਇਸ ਤਰ੍ਹਾਂ ਕੁੱਪ ਬਣ ਕੇ ਤਿਆਰ ਹੋ ਜਾਂਦਾ ਸੀ | ਡਾ. ਸ਼ਰਮਾ ਨੇ ਦੱਸਿਆ ਕਿ ਸਮੇਂ ਦੀ ਘਾਟ ਅਤੇ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਅੱਜ ਕੱਲ੍ਹ ਬਾਜ਼ਾਰ ਵਿਚ ਤਰਪਾਲ ਦੇ ਕੁੱਪ ਵੀ ਆਸਾਨੀ ਨਾਲ ਮਿਲ ਜਾਂਦੇ ਹਨ | ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਪ੍ਰਚੱਲਿਤ ਹੋ ਗਈਆਂ ਹਨ | ਪ੍ਰੰਤੂ ਇਨ੍ਹਾਂ ਵਿਚ ਤੂੜੀ ਨੂੰ ਕੁੱਪ ਵਾਂਗ ਲੰਮੇ ਸਮੇਂ ਤੱਕ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ | ਹੱਥੀਂ ਬੰਨ੍ਹੇ ਹੋਏ ਕੁੱਪ ਵਿਚ ਜੋ ਕਲਾ ਸੀ ਉਹ ਬਾਜ਼ਾਰੂੁ ਕੁੱਪਾਂ ਵਿਚ ਦੇਖਣ ਨੂੰ ਨਹੀਂ ਮਿਲਦੀ | ਸਮੇਂ ਦੇ ਬਦਲਾਅ ਨਾਲ ਅੱਜ ਵੀ ਕਿਤੇ ਕਿਤੇ ਹੱਥੀਂ ਬੰਨ੍ਹੇ ਹੋਏ ਕੁੱਪ ਜ਼ਰੂਰ ਨਜ਼ਰੀ ਪੈ ਜਾਂਦੇ ਹਨ, ਜੋ ਸਾਡੇ ਪੇਂਡੂ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਬਿਆਨ ਕਰਦੇ ਹਨ |