26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੱਧ ਪੂਰਬ ਤਣਾਅ ਦੀ ਮਾਰ ਪੰਜਾਬ 'ਤੇ

ਅਜੀਤ ਡੈਸਕ 18-05-2026
ਮਹਿਮਾ ਸਰਜਾ, 17 ਮਈ (ਬਲਦੇਵ ਸੰਧੂ): ਮਿਡਲ ਈਸਟ 'ਚ ਈਰਾਨ, ਅਮਰੀਕਾ ਅਤੇ ਇਜ਼ਰਾਇਲ ਵਿਚਾਲੇ ਵਧਦੇ ਰਣਨੀਤਿਕ ਤਣਾਅ ਦਾ ਪ੍ਰਭਾਵ ਹੁਣ ਪੰਜਾਬ ਦੇ ਵਿਕਾਸੀ ਢਾਂਚੇ 'ਤੇ ਵੀ ਗੰਭੀਰ ਤੌਰ 'ਤੇ ਪ੍ਰਤੱਖ ਹੋਣ ਲੱਗਾ ਹੈ | ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਅਤੇ ਲੁੱਕ ਦੀਆਂ ਕੀਮਤਾਂ ਵਿਚ ਆਏ ਅਸਾਧਾਰਨ ਉਛਾਲ ਨੇ ਬਠਿੰਡਾ ਜ਼ਿਲ੍ਹੇ ਦੇ ਕਈ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਦੀ ਰਫ਼ਤਾਰ ਸੁਸਤ ਕਰ ਦਿੱਤੀ ਹੈ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਗੋਨਿਆਣਾ ਫਾਟਕ ਤੋਂ ਵਾਇਆ ਦਾਨ ਸਿੰਘ ਵਾਲਾ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਅਤਿ-ਅਹਿਮ ਸੜਕ ਦਾ ਨਿਰਮਾਣ ਕਾਰਜ ਲੰਮੇ ਸਮੇਂ ਤੋਂ ਰੁਕ-ਰੁਕ ਕੇ ਚੱਲ ਰਿਹਾ ਹੈ | ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਸੰਪੂਰਨ ਸੜਕ ਦੀ ਮੁੜ ਤਾਮੀਰ ਕਰਨ ਦੀ ਬਜਾਏ ਕੇਵਲ ਪੱਥਰ ਵੱਟ ਵਾਲੇ ਹਿੱਸਿਆਂ ਉੱਪਰ ਹੀ ਪ੍ਰੀਮਿਕਸ ਪਾਇਆ ਜਾ ਰਿਹਾ ਹੈ | ਕਈ ਥਾਵਾਂ 'ਤੇ ਸੜਕਾਂ ਖ਼ਸਤਾ-ਹਾਲ ਹੋ ਚੁੱਕੀ ਹੈ | ਉੱਡਦੀ ਧੂੜ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖ਼ਰਾਬ ਸੜਕ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵਧ ਰਿਹਾ ਹੈ | ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣੀ ਉਪਜ ਅਤੇ ਸਾਮਾਨ ਮੰਡੀਆਂ ਤੱਕ ਪਹੁੰਚਾਉਣ ਵਿਚ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਬੰਧਿਤ ਠੇਕੇਦਾਰ ਮੋਹਿਤ ਨੇ ਦੱਸਿਆ ਕਿ ਲੁੱਕ ਅਤੇ ਹੋਰ ਨਿਰਮਾਣ ਸਮੱਗਰੀ ਦੇ ਰੇਟਾਂ ਵਿਚ ਅਚਾਨਕ ਭਾਰੀ ਵਾਧਾ ਹੋਣ ਕਾਰਨ ਪੁਰਾਣੇ ਟੈਂਡਰਾਂ ਅਨੁਸਾਰ ਕੰਮ ਕਰਨਾ ਸੰਭਵ ਨਹੀਂ ਰਹਿ ਗਿਆ | ਉਨ੍ਹਾਂ ਕਿਹਾ ਕਿ ਵਧੇ ਹੋਏ ਰੇਟਾਂ ਮੁਤਾਬਿਕ ਨਵੇਂ ਟੈਂਡਰ ਮਨਜ਼ੂਰੀ ਲਈ ਮਹਿਕਮੇ ਕੋਲ ਭੇਜੇ ਗਏ ਹਨ | ਇਸ ਸੰਬੰਧੀ ਐਸ.ਡੀ.ਓ. ਹਰਿੰਦਰ ਸਿੰਘ ਨੇ ਵੀ ਮੰਨਿਆ ਕਿ ਲਾਗਤ ਵਿਚ ਅਸਧਾਰਨ ਵਾਧਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਲੁੱਕ ਦਾ ਰੇਟ 35 ਹਜ਼ਾਰ ਰੁਪਏ ਪ੍ਰਤੀ ਟਨ ਤੋਂ ਵੱਧ ਕੇ ਕਰੀਬ 90 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਨਵੇਂ ਰੇਟਾਂ ਦੀ ਮਨਜ਼ੂਰੀ ਲਈ ਉੱਚ ਅਧਿਕਾਰੀਆਂ ਨੂੰ ਪ੍ਰਸਤਾਵ ਭੇਜੇ ਜਾ ਚੁੱਕੇ ਹਨ | ਦੂਜੇ ਪਾਸੇ ਭਾਕਿਯੂ ਏਕਤਾ ਸਿੱਧੂਪੁਰ ਦੇ ਗੁਰਦੀਪ ਸਿੰਘ ਬਰਾੜ ਅਤੇ ਉਗਰਾਹਾਂ ਦੇ ਜਨਕ ਸਿੰਘ ਮਹਿਮਾ ਸਰਜਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਲਟਕੇ ਪਏ ਸੜਕੀ ਪ੍ਰੋਜੈਕਟ ਜਲਦ ਮੁਕੰਮਲ ਨਾ ਕੀਤੇ ਗਏ ਤਾਂ ਸੰਘਰਸ਼ ਵਿੱਢਿਆਂ ਜਾਵੇਗਾ |
ਪਿਛਲੀ ਖ਼ਬਰ 23 ਨੂੰ ਦਿੜ੍ਹਬਾ ਵਿਖੇ ਪਰਿਵਾਰਾਂ ਸਮੇਤ ਸੰਘਰਸ਼ 'ਚ ਸ਼ਾਮਿਲ ਹੋਣਗੇ ਜਲ ਸਪਲਾਈ ਕਾਮੇ-ਹਰਵਿੰਦਰ ਸਿੰਘ ਅਗਲੀ ਖ਼ਬਰ ਬੁੱਢਾ ਦਲ ਮੁੱਖ ਅਸਥਾਨ ਗੁ: ਬੇਰ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।