ਤਲਵੰਡੀ ਸਾਬੋ, 17 ਮਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਫੂਡ ਕਿੱਟਾਂ ਜੋ ਡਿੱਪੂਆਂ ਤੱਕ ਭੇਜੀਆਂ ਜਾਣੀਆਂ ਹਨ ਦੀ ਢੋਆ ਢੁਆਈ ਸਰਕਾਰ ਵਲੋਂ ਕੀਤੇ ਜਾਣ ਸਮੇਤ ਹੋਰਨਾਂ ਮੰਗਾਂ ਸਬੰਧੀ ਅੱਜ ਰਾਸ਼ਨ ਡਿੱਪੂ ਹੋਲਡਰ ਯੂਨੀਅਨ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈਜ਼ ਕੰਟਰੋਲਰ ਦੇ ਨਾਂ ਇਕ ਮੰਗ ਪੱਤਰ ਅੱਜ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੂੰ ਸੌਂਪਿਆ | ਮੰਗ ਪੱਤਰ ਰਾਹੀਂ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਫੂਡ ਕਿੱਟਾਂ ਦੀ ਢੋਆ ਢੁਆਈ ਜਾਂ ਤਾਂ ਸਰਕਾਰ ਖ਼ੁਦ ਕਰਵਾਵੇ ਤੇ ਜਾਂ ਫਿਰ ਢੋਆ ਢੁਆਈ ਤੇ ਆਉਣ ਵਾਲਾ ਖਰਚਾ ਡਿੱਪੂ ਹੋਲਡਰਾਂ ਨੂੰ ਨਗਦ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤਾ ਜਾਵੇ ਤਾਂਕਿ ਖਰਚਾ ਉਨ੍ਹਾਂ ਸਿਰ ਨਾ ਪਵੇ | ਮੰਗ ਪੱਤਰ 'ਚ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੇ ਜੋ ਫੂਡ ਕਿੱਟਾਂ ਦੀ ਮਾਰਜਨ ਮਨੀ ਡਿੱਪੂ ਹੋਲਡਰਾਂ ਨੂੰ 3 ਰੁਪਏ ਦੇਣ ਦਾ ਐਲਾਨ ਕੀਤਾ ਹੈ, ਉਹ ਨਾ ਮਾਤਰ ਹੈ | ਉਕਤ ਮਾਰਜਨ ਮਨੀ ਨੂੰ ਸਨਮਾਨਜਨਕ ਹੱਦ ਤੱਕ ਵਧਾਇਆ ਜਾਵੇ ਤਾਂ ਕਿ ਡਿੱਪੂ ਹੋਲਡਰ ਆਪਣੇ ਘਰਾਂ ਦਾ ਖਰਚ ਚਲਾ ਸਕਣ | ਮੰਗ ਪੱਤਰ ਦੇਣ ਵਾਲਿਆਂ ਚ ਡਿੱਪੂ ਹੋਲਡਰ ਯੂਨੀਅਨ ਵੱਲੋਂ ਮਨਪ੍ਰੀਤ ਸਿੰਘ ਸ਼ੇਖਪੁਰਾ, ਨੱਥੂ ਰਾਮ ਲੇਲੇਵਾਲਾ ਸਮੇਤ ਹੋਰ ਆਗੂ ਮੌਜੂਦ ਸਨ |