ਭਾਈਰੂਪਾ, 22 ਜਨਵਰੀ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਕਸਬਾ ਭਾਈਰੂਪਾ ਵਿਖੇ ਪਹੁੰਚੇ ਜਿਥੇ ਕਿ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਭਾਈਰੂਪਾ ਵਿਖੇ ਵਿਕਾਸ ਕਾਰਜਾਂ ਨੂੰ ਇਤਿਹਾਸਕ ਰਫ਼ਤਾਰ ਮਿਲੀ ਹੈ | ਨਗਰ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਦੇ ਉਦੇਸ਼ ਤਹਿਤ ਮਕਾਨ ਉਸਾਰੀ, ਸੀਵਰੇਜ ਪ੍ਰਣਾਲੀ, ਪੀਣਯੋਗ ਪਾਣੀ, ਸਿਹਤ ਸਹੂਲਤਾਂ ਤੇ ਸੜਕਾਂ ਦੇ ਨਵੀਨੀਕਰਨ ਵਰਗੇ ਅਹਿਮ ਪ੍ਰੋਜੈਕਟ ਜਾਰੀ ਹਨ ਜਾਂ ਮੁਕੰਮਲ ਹੋ ਚੁੱਕੇ ਹਨ | ਨਗਰ ਪੰਚਾਇਤ ਭਾਈਰੂਪਾ ਦੇ ਵਿਹੜੇ ਅੰਦਰ ਹੋਏ ਸਮਾਗਮ ਦੌਰਾਨ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਪੱਕਾ ਮਕਾਨ ਮੁਹੱਈਆ ਕਰਵਾਉਣ ਲਈ ਨਗਰ ਭਾਈ ਰੂਪਾ 'ਚ ਸੈਂਕੜੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ ਗਏ ਹਨ, ਜਿਨ੍ਹਾਂ ਲਾਭਪਾਤਰੀਆਂ ਦੀਆਂ ਫ਼ਾਇਲਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਮਕਾਨ ਬਣਾਉਣ ਲਈ ਪ੍ਰਤੀ ਲਾਭਪਾਤਰੀ ਢਾਈ ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਜਾਵੇਗੀ | ਇਸ ਯੋਜਨਾ ਅਧੀਨ 359 ਲਾਭਪਾਤਰੀਆਂ ਦੇ ਮਕਾਨ ਬਣਾਉਣ ਲਈ ਕੁਲ 8 ਕਰੋੜ 97 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ 'ਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ 9 ਕਰੋੜ 58 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ | ਭਵਿੱਖ ਵਿਚ ਗੰਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ, ਜਿਸ ਨਾਲ ਖੇਤੀਬਾੜੀ ਨੂੰ ਵੱਡਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਤੇ ਸੁਰੱਖਿਅਤ ਪੀਣਯੋਗ ਪਾਣੀ ਉਪਲੱਬਧ ਕਰਵਾਉਣ ਲਈ ਕਰੀਬ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਵਾਟਰ ਵਰਕਸ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਪਾਈਪਲਾਈਨ ਪਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਲਗਪਗ ਮੁਕੰਮਲ ਹੋਣ ਵਾਲਾ ਹੈ ਜਦਕਿ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ 2 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਨਗਰ ਪੰਚਾਇਤ ਅਧੀਨ ਆਉਂਦੀਆਂ ਸਾਰੀਆਂ ਸੜਕਾਂ 'ਤੇ ਨਵੇਂ ਸਿਰੇ ਤੋਂ ਲੁੱਕ ਪਾਉਣ ਤੇ ਇੰਟਰਲਾਕ ਟਾਈਲਾਂ ਲਗਾਉਣ ਲਈ 3 ਕਰੋੜ 89 ਲੱਖ ਰੁਪਏ ਦੀ ਲਾਗਤ ਨਾਲ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਜੁਗਰਾਜ਼ ਸਿੰਘ ਬਰਾੜ, ਸਾਬਕਾ ਕੌਂਸਲਰ ਜਸਵੀਰ ਸਿੰਘ, ਕੌਂਸਲਰ ਬਲਦਿੰਦਰ ਸਿੰਘ ਬਗੀਚਾ, ਸੁਰਜੀਤ ਸਿੰਘ ਬਰਾੜ, ਦੀਪ ਜੰਡੂ, ਗੁਰਮੀਤ ਸਿੰਘ ਸੰਧੂ, ਸਰਪੰਚ ਸ਼ਗਨਦੀਪ ਕੌਰ, ਗੁਰਤੇਜ ਸਿੰਘ ਗੇਜਾ, ਮਹਿਲਾ ਸਿੰਘ ਜਵੰਧਾ, ਪਰਮਜੀਤ ਸਿੰਘ ਪੰਮਾ, ਅਜਮੇਰ ਸਿੰਘ, ਗੁਰਸੇਵਕ ਸਿੰਘ ਸਿੱਧੂ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ |