28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੋਕਾਂ ਦੀ ਆਵਾਜ਼ ਡੰਡੇ ਨਾਲ ਦਬਾਉਣ ਦੇ ਰਾਹ ਪਈ ਪੰਜਾਬ ਸਰਕਾਰ ਆਪਣੇ ਪੈਰਾਂ 'ਤੇ ਕੁਹਾੜਾ ਮਾਰਨ ਲੱਗੀ-ਕੋਟਲੀ

ਅਜੀਤ ਡੈਸਕ 23-01-2026
ਸੰਗਤ ਮੰਡੀ, 22 ਜਨਵਰੀ (ਸੁਖਤੇਜ ਧਾਲੀਵਾਲ)-ਲੋਕਾਂ ਦੀ ਆਵਾਜ਼ ਡੰਡੇ ਨਾਲ ਦਬਾਉਣ ਦੇ ਰਾਹ ਪਈ ਪੰਜਾਬ ਸਰਕਾਰ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰਨ ਲੱਗੀ ਹੈ, ਇਹ ਗੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਸਾਬੋ ਨੇ ਪ੍ਰੈੱਸ ਬਿਆਨ ਰਾਹੀਂ ਆਖੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਦੇ ਇਸ਼ਾਰੇ 'ਤੇ ਲੁਧਿਆਣਾ ਪੁਲਿਸ ਵਲੋਂ ਪੱਤਰਕਾਰਾਂ ਵਿਰੱੁਧ ਦਰਜ ਕੀਤੇ ਗਏ ਝੂਠੇ ਮਾਮਲੇ ਇਹ ਗੱਲ ਦਰਸਾਉਂਦੇ ਹਨ ਕਿ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਡੰਡੇ ਨਾਲ ਦਬਾਉਣਾ ਚਾਹੁੰਦੀ ਹੈ | ਇਸ ਮਾਮਲੇ ਨੂੰ ਲੈ ਕੇ ਜਿਥੇ ਪੱਤਰਕਾਰ ਭਾਈਚਾਰੇ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਉਥੇ ਇਨਸਾਫ਼ ਪਸੰਦ ਲੋਕ ਵੀ ਸਰਕਾਰ ਦੁਆਰਾ ਕੀਤੀ ਧੱਕੇਸ਼ਾਹੀ ਦੇ ਵਿਰੋਧ 'ਚ ਖੜ੍ਹੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣਾ ਜਿਥੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ, ਉਥੇ ਇਹ ਪੰਜਾਬ ਸਰਕਾਰ ਲਈ ਵੀ ਘਾਤਕ ਸਿੱਧ ਹੋਵੇਗਾ | ਬੀ. ਕੇ. ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਦੇ ਜ਼ੋਰ 'ਤੇ ਲੋਕ ਸੰਘਰਸ਼ਾਂ ਨੂੰ ਦਬਾਉਣਾ ਦਹਿਸ਼ਤ ਪੈਦਾ ਕਰਨ ਦਾ ਯਤਨ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੈ, ਜਿਸ ਨੂੰ ਡੰਡੇ ਨਾਲ ਨਹੀਂ ਦਬਾਇਆ ਜਾ ਸਕਦਾ | ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਤੇ ਹੋਰ ਪੱਤਰਕਾਰ ਜਥੇਬੰਦੀਆਂ ਸਮੇਤ ਪੰਜਾਬ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਵਲੋਂ 24 ਜਨਵਰੀ ਨੂੰ ਬਠਿੰਡਾ ਦੇ ਡੀ. ਸੀ. ਦਫ਼ਤਰ ਮੂਹਰੇ ਕੀਤੇ ਜਾਣ ਵਾਲੇ ਸਾਂਝੇ ਰੋਸ ਪ੍ਰਦਰਸ਼ਨ 'ਚ ਹੋਣ ਵਾਲੇ ਇਕੱਠ ਨੂੰ ਲੈ ਕੇ ਸਰਕਾਰ ਦੀ ਚਿੰਤਾ ਨਜ਼ਰ ਆ ਰਹੀ ਹੈ ਤੇ ਉਹ ਖ਼ੁਫ਼ੀਆ ਤੰਤਰ ਦੀ ਮਦਦ ਨਾਲ ਹੋਣ ਵਾਲੇ ਇਕੱਠ ਦੀਆਂ ਗਿਣਤੀਆਂ ਮਿਣਤੀਆਂ ਸ਼ੁਰੂ ਕਰਕੇ ਜਥੇਬੰਦੀਆਂ ਦੇ ਆਗੂਆਂ ਦੀਆਂ ਸੂਚੀਆਂ ਤਿਆਰ ਕਰਨ ਲੱਗੀ ਹੈ | ਸਮਾਜਿਕ ਤੇ ਕਿਸਾਨ ਜਥੇਬੰਦੀਆਂ ਵਲੋਂ ਪੱਤਰਕਾਰਾਂ ਦੀ ਹਮਾਇਤ 'ਚ ਡਟਕੇ ਖੜ੍ਹਨ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ |
ਪਿਛਲੀ ਖ਼ਬਰ ਬੋਲਣ ਤੇ ਪ੍ਰੈੱਸ ਦੀ ਆਜ਼ਾਦੀ ਲਈ ਬਠਿੰਡਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੱਲ੍ਹ ਅਗਲੀ ਖ਼ਬਰ ਫੋਕਲ ਪੁਆਇੰਟ ਵਿਖੇ ਮੈਘਾ ਹੈਲਥ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।