ਸ਼ਹਿਰ ’ਚ ਨਕਲੀ ਮਠਿਆਈ ਦਾ ਧੰਦਾ ਜ਼ੋਰਾਂ ’ਤੇ, ਵਿਭਾਗ ਦੀ ਚੁੱਪ ’ਤੇ ਉੱਠੇ ਸਵਾਲ
ਬਰੇਟਾ, 18 ਅਕਤੂਬਰ (ਪਾਲ ਸਿੰਘ ਮੰਡੇਰ)- ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਸ਼ਹਿਰ ’ਚ ਨਕਲੀ ਅਤੇ ਮਿਲਾਵਟੀ ਮਠਿਆਈ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਕਲੀ ਖੋਏ, ਸਿੰਥੈਟਿਕ ਦੁੱਧ, ਘਟੀਆ ਤੇਲ-ਘਿਓ ਅਤੇ ਹਾਨੀਕਾਰਕ ਰੰਗਾਂ ਨਾਲ ਤਿਆਰ ਮਠਿਆਈਆਂ ਖੁੱਲ੍ਹੇਆਮ ਵਿਕ ਰਹੀਆਂ ਹਨ ਪਰ ਫੂਡ ਸੇਫ਼ਟੀ ਵਿਭਾਗ ਵਲੋਂ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆ ਰਹੀ।
ਬਰੇਟਾ, 18 ਅਕਤੂਬਰ (ਪਾਲ ਸਿੰਘ ਮੰਡੇਰ)- ਤਿਉਹਾਰਾਂ ਦੇ ਨੇੜੇ ਆਉਂਦਿਆਂ ਹੀ ਸ਼ਹਿਰ ’ਚ ਨਕਲੀ ਅਤੇ ਮਿਲਾਵਟੀ ਮਠਿਆਈ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਕਲੀ ਖੋਏ, ਸਿੰਥੈਟਿਕ ਦੁੱਧ, ਘਟੀਆ ਤੇਲ-ਘਿਓ ਅਤੇ ਹਾਨੀਕਾਰਕ ਰੰਗਾਂ ਨਾਲ ਤਿਆਰ ਮਠਿਆਈਆਂ ਖੁੱਲ੍ਹੇਆਮ ਵਿਕ ਰਹੀਆਂ ਹਨ ਪਰ ਫੂਡ ਸੇਫ਼ਟੀ ਵਿਭਾਗ ਵਲੋਂ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਤਿਉਹਾਰਾਂ ਮੌਕੇ ਵਿਭਾਗ ਕੁਝ ਦਿਨ ਦਿਖਾਵੇ ਦੀ ਛਾਪੇਮਾਰੀ ਕਰ ਕੇ ਸਿਰਫ਼ ਨਮੂਨੇ ਭਰਨ ਦੀ ਰਸਮ ਪੂਰੀ ਕਰ ਦਿੰਦਾ ਹੈ। ਇਨ੍ਹਾਂ ਨਮੂਨਿਆਂ ਦੀਆਂ ਰਿਪੋਰਟਾਂ ਆਉਣ ’ਚ ਹਫ਼ਤੇ ਲੱਗ ਜਾਂਦੇ ਹਨ, ਉਦੋਂ ਤੱਕ ਤਿਉਹਾਰ ਲੰਘ ਚੁੱਕੇ ਹੁੰਦੇ ਹਨ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਤਾਂ ਦੂਰ ਕਈ ਵਾਰ ਉਨ੍ਹਾਂ ਦੇ ਨਾਂਅ ਤੱਕ ਜਨਤਕ ਨਹੀਂ ਕੀਤੇ ਜਾਂਦੇ। ਸਹਿਯੋਗ ਕਲੱਬ ਦੇ ਮੈਂਬਰਾਂ ਬਲਵਿੰਦਰ ਸਿੰਘ, ਹੈਪੀ ਗਰਗ ਦਾ ਕਹਿਣਾ ਹੈ ਕਿ ਸਸਤੇ ਭਾਅ ’ਤੇ ਵਿਕ ਰਹੀ ਮਠਿਆਈ ਆਪਣੇ ਆਪ ’ਚ ਸ਼ੱਕ ਪੈਦਾ ਕਰਦੀ ਹੈ। ਸਭ ਨੂੰ ਪਤਾ ਹੈ ਕਿ ਕਿਹੜੀਆਂ ਥਾਵਾਂ ’ਤੇ ਇਹ ਧੰਦਾ ਚੱਲਦਾ ਹੈ ਪਰ ਵਿਭਾਗ ਅੱਖਾਂ ਮਿਚੀ ਬੈਠਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਵੱਡੇ ਪੱਧਰ ’ਤੇ ਅਚਨਚੇਤ ਜਾਂਚ ਕੀਤੀ ਜਾਵੇ, ਨਮੂਨੇ ਫ਼ੇਲ੍ਹ ਹੋਣ ’ਤੇ ਦੁਕਾਨਦਾਰਾਂ ਦੇ ਨਾਂਅ ਜਨਤਕ ਕਰ ਕੇ ਦੋਸ਼ੀਆਂ ਦੇ ਲਾਇਸੈਂਸ ਰੱਦ ਕਰ ਕੇ ਮੁਕੱਦਮੇ ਦਰਜ ਕੀਤੇ ਜਾਣ। ਫੂਡ ਸੇਫ਼ਟੀ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਭਾਗੀ ਟੀਮ ਵਲੋਂ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।