ਬਠਿੰਡਾ, 1 ਅਪ੍ਰੈਲ (ਵਲ੍ਹਾਣ): ਵਿਧਾਨ ਸਭਾ ਹਲਕਾ ਮੌੜ ਦੇ ਉੱਘੇ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਸਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਦੀ ਮਿ੍ਤਕ ਦਾ ਦੇਹ ਦਾ ਤਿੰਨ ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ ਹੋ ਸਕਿਆ, ਉਸ ਨੇ ਚੰਡੀਗੜ੍ਹ ਦੇ ਇਕ ਬਿਲਡਰ ਪਰਿਵਾਰ ਦੀ ਠੱਗੀ ਦਾ ਸ਼ਿਕਾਰ ਹੋਣ ਕਰਕੇ ਆਪਣੇ ਲਾਇਸੰਸੀ ਪਿਸਟਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ | ਬੇਸ਼ੱਕ ਇਸ ਮਾਮਲੇ 'ਚ ਬਠਿੰਡਾ ਪੁਲਿਸ ਵਲੋਂ ਘਟਨਾ ਵਾਲੇ ਦਿਨ ਹੀ ਬਿਲਡਰ ਅਤੇ ਉਸ ਦੇ ਲੜਕਿਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦਾ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ, ਪਰ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋ ਸਕੀ ਹੈ, ਜਿਸ ਦੇ ਰੋਸ ਵਜੋਂ ਮਿ੍ਤਕ ਦੇ ਪਰਿਵਾਰ ਨੇ ਦਵਿੰਦਰਪਾਲ ਦਾ ਪੋਸਟਮਾਰਟਮ ਅਤੇ ਸਸਕਾਰ ਕਰਨ ਤੋਂ ਸਾਫ਼ ਇਨਕਾਰ ਕੀਤਾ ਹੋਇਆ ਹੈ | ਉੱਧਰ ਦੂਜੇ ਪਾਸੇ ਮਿ੍ਤਕ ਦੇ ਵਾਰਸਾਂ ਅਤੇ ਸਮਰਥਕਾਂ ਨੇ ਰੋਸ ਵਜੋਂ ਅੱਜ ਮੌੜ ਮੰਡੀ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਸਮਾਂ ਮਿ੍ਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਅੱਜ ਤੋਂ ਸ਼ੁਰੂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਕਰਵਾਉਣ ਤੱਕ ਜਾਰੀ ਰੱਖਿਆ ਜਾਵੇਗਾ |