ਬਠਿੰਡਾ, 1 ਅਪ੍ਰੈਲ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪਹਿਲੇ ਮਾਮਲੇ ਦੀ ਜਾਂਚ ਕਰ ਰਹੇ ਪ੍ਰੀਤਮ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਵਲੋਂ ਥਾਣਾ ਸਿਵਲ ਲਾਈਨ ਵਿਚ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੱਸਿਆ ਕਿ 30 ਮਾਰਚ ਦੀ ਰਾਤ ਨੂੰ ਕੁਝ ਨਾਮਾਲੂਮ ਵਿਅਕਤੀਆਂ ਵਲੋਂ ਮੇਰੀ ਰੈਡੀਮੇਡ ਗਾਰਮੈਂਟ ਦੀ ਗਣੇਸ਼ਾ ਬਸਤੀ ਬਠਿੰਡਾ ਵਿਖੇ ਸਥਿਤ ਦੁਕਾਨ ਵਿਚੋਂ ਜੀਨਸ ਪੈਂਟ, ਟੀ-ਸ਼ਰਟ, ਪਰਫ਼ਿਊਮ, ਐਨਕਾਂ, ਚਾਂਦੀ ਦਾ ਗਿਲਾਸ, ਚਾਂਦੀ ਦੇ ਦੋ ਸਿੱਕੇ ਚੋਰੀ ਕਰ ਲਏ | ਪੁਲਿਸ ਵਲੋਂ ਸ਼ਿਕਾਇਤ ਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਵਿਅਕਤੀਆਂ 'ਤੇ ਥਾਣਾ ਸਿਵਲ ਲਾਈਨ ਵਿਖੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ | ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਅਨੁਸਾਰ ਸੋਨੀਆ ਰਾਣੀ ਪਤਨੀ ਦਵਿੰਦਰ ਕੁਮਾਰ ਵਾਸੀ ਪਿੰਡ ਤੀੜਾ, ਮੁੱਲਾਂਪੁਰ, ਨੇੜੇ ਸਟੇਡੀਅਮ ਐਸ ਐਸ ਨਗਰ ਮੋਹਾਲੀ ਵਲੋਂ ਥਾਣਾ ਥਰਮਲ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ 29 ਅਤੇ 30 ਮਾਰਚ ਦੀ ਰਾਤ ਨੂੰ ਬੱਲਾ ਰਾਮ ਨਗਰ ਸਥਿਤ ਮੇਰੇ ਘਰ ਵਿਚੋਂ ਕੁਝ ਨਾਮਲੂਮ ਵਿਅਕਤੀਆਂ ਨੇ 15000 ਰੁਪਏ ਨਗਦੀ ਅਤੇ ਡੇਢ ਤੋਲਾ ਸੋਨਾ ਚੋਰੀ ਕਰ ਲਿਆ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਥਰਮਲ ਵਿਖੇ ਅਣਪਛਾਤੇ ਵਿਅਕਤੀਆਂ 'ਤੇ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ |