ਸੰਗਤ ਮੰਡੀ, 31 ਮਾਰਚ (ਅੰਮਿ੍ਤਪਾਲ ਸ਼ਰਮਾ/ਸੁਖਤੇਜ਼ ਧਾਲੀਵਾਲ)-ਪੰਜਾਬ ਦੇ ਮੌਸਮ ਨੇ ਇਕ ਵਾਰ ਫਿਰ ਰੁਖ ਬਦਲਿਆ, ਅੱਜ ਸ਼ਾਮ ਨੂੰ ਬਠਿੰਡਾ ਦਿਹਾਤੀ ਦੇ ਕਈ ਪਿੰਡਾਂ 'ਚ ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਹੋਈ ਹੈ | ਬੇਮੌਸਮੀ ਮੀਂਹ ਨਾਲ ਹੋਈ ਗੜ੍ਹੇਮਾਰੀ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਪੱਕਣ ਕਿਨਾਰੇ ਖੜੀ ਕਣਕ ਨੂੰ ਜ਼ਮੀਨ 'ਤੇ ਵਿਛਾ ਦਿੱਤਾ, ਜਿਸ ਨਾਲ ਕਿਸਾਨਾਂ ਦੇ ਸ਼ਾਹ ਸੁਤੇ ਗਏ | ਇੱਕ ਪਾਸੇ ਕਿਸਾਨ ਕਣਕ ਨੂੰ ਕੱਟਣ ਦੀਆਂ ਤਿਆਰੀਆਂ ਕਰ ਰਹੇ ਸਨ, ਉੱਪਰੋਂ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨੇ ਉਨ੍ਹਾਂ ਦੇ ਸੁਪਨੇ ਇੱਕ ਵਾਰ ਫਿਰ ਚਕਨਾ ਚੂਰ ਕਰ ਦਿੱਤੇ | ਇਲਾਕੇ ਵਿਚ ਵੱਡੇ ਪੱਧਰ 'ਤੇ ਕਣਕ ਦਾ ਨੁਕਸਾਨ ਹੋਣ ਦੇ ਆਸਾਰ ਹਨ | ਮੌਸਮ ਹਾਲੇ ਵੀ ਖ਼ਰਾਬ ਬਣਿਆ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਹੋ ਜਾਵੇਗਾ | ਉੱਥੇ ਹੀ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਵੀ ਸੂਬੇ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਤਾਂ ਆਵੇਗੀ, ਪੰ੍ਰਤੂ ਕਿਸਾਨਾਂ ਦੀਆਂ ਮੁਸ਼ਕਿਲਾਂ ਜ਼ਰੂਰ ਵਧਣਗੀਆਂ | ਮੌਸਮ ਵਿਭਾਗ ਵਲੋਂ ਅੱਜ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਹੀ ਮੀਂਹ ਤੇ ਹਨ੍ਹੇਰੀ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਸੀ | ਵਿਭਾਗ ਮੁਤਾਬਿਕ, 3-4 ਅਪ੍ਰੈਲ ਤੱਕ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਮੀਂਹ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ | ਉੱਥੇ ਹੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ | ਜਾਣਕਾਰੀ ਅਨੁਸਾਰ ਬਠਿੰਡਾ ਦਿਹਾਤੀ ਦੇ ਦਰਜਨ ਭਰ ਪਿੰਡਾਂ ਵਿਚ ਮੀਂਹ ਅਤੇ ਹੋਈ ਗੜ੍ਹੇਮਾਰੀ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ | ਉਧਰ ਖੇਤੀਬਾੜੀ ਵਿਭਾਗ ਅਤੇ ਮੌਸਮ ਵਿਭਾਗ ਦੀਆਂ ਰਿਪੋਰਟਾਂ ਕਰਕੇ ਕਿਸਾਨਾਂ ਵਿਚ ਅਜੇ ਅਗਲੇ ਦਿਨਾਂ ਵਿਚ ਵੀ ਮੀਂਹ ਦਾ ਡਰ ਬਣਿਆ ਹੋਇਆ ਹੈ | ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਵਿਗੜੇ ਤੇਵਰਾਂ ਨੂੰ ਲੈ ਕੇ ਕਿਸਾਨਾਂ ਦੀ ਜਾਨ ਕੜਿੱਕੀ ਵਿਚ ਸੀ | ਅੱਜ ਸ਼ਾਮ ਸਮੇਂ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਕਰਕੇ ਪਿੰਡ ਨਰੂਆਣਾ, ਜੈ ਸਿੰਘ ਵਾਲਾ, ਫੁੱਲੋਂ ਮਿੱਠੀ, ਗੁਰੂਸਰ ਸੈਣੇਵਾਲਾ, ਸੰਗਤ, ਪੱਕਾ ਕਲਾਂ, ਗੁਰਥੜੀ, ਜੱਸੀ ਬਾਗਵਾਲੀ ਸਮੇਤ ਅਨੇਕ ਪਿੰਡਾਂ 'ਚ ਗੜ੍ਹੇਮਾਰੀ ਨਾਲ ਕਣਕ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲ ਰਹੀ ਹੈ | ਇਨ੍ਹਾਂ ਪਿੰਡਾਂ ਵਿਚ 30 ਤੋਂ 40 ਪ੍ਰਤੀਸ਼ਤ ਤੱਕ ਰਕਬੇ ਵਿਚ ਅਗੇਤੀ ਕਣਕ ਜੋ ਪੱਕਕੇ ਤਿਆਰ ਹੋ ਚੁੱਕੀ ਸੀ, ਤੇਜ਼ ਹਵਾਵਾਂ ਕਾਰਨ ਪੂਰੀ ਤਰ੍ਹਾਂ ਧਰਤੀ 'ਤੇ ਵਿਛ ਗਈ ਅਤੇ ਕਣਕ ਦੇ ਸਿੱਟੇ ਨਸ਼ਟ ਹੋ ਗਏ | ਕਿਸਾਨਾਂ ਨੇ ਦੱਸਿਆ ਕਣਕ ਦੀ ਫ਼ਸਲ ਬਿਲਕੁਲ ਪੱਕਣ ਕਿਨਾਰੇ ਸੀ ਅਤੇ ਉਹ ਕਣਕ ਕੱਟਣ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ, ਪ੍ਰੰਤੂ ਸ਼ਾਮ ਸਮੇਂ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਜ਼ਿਆਦਾਤਰ ਕਣਕ ਜ਼ਮੀਨ 'ਤੇ ਵਿਛ ਗਈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਗਰਮੀ ਕਾਰਨ ਝੋਨੇ ਦਾ ਝਾੜ ਵੀ ਘੱਟ ਨਿਕਲਿਆ ਸੀ | ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮਾਲੀ ਨੁਕਸਾਨ ਹੋਇਆ ਸੀ, ਹੁਣ ਉਨ੍ਹਾਂ ਦੀਆਂ ਉਮੀਦਾਂ ਕਣਕ ਦੀ ਫ਼ਸਲ 'ਤੇ ਟਿਕੀਆਂ ਹੋਈਆਂ ਸਨ, ਪ੍ਰੰਤੂ ਬੇਮੌਸਮੀ ਬਰਸਾਤ ਨੇ ਉਨ੍ਹਾਂ ਦੇ ਸੁਪਨੇ ਚਕਨਾ ਚੂਰ ਕਰ ਦਿੱਤੇ | ਉਨ੍ਹਾਂ ਦੱਸਿਆ ਕਿ ਪੱਕ ਚੁੱਕੀ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ | ਉਹ ਹੁਣ ਖੜੀ ਨਹੀਂ ਹੋਵੇਗੀ | ਜਿਸ ਕਾਰਨ ਕਣਕ ਦੇ ਝਾੜ ਵਿਚ ਜਿੱਥੇ ਫ਼ਰਕ ਪਵੇਗਾ, ਉੱਥੇ ਦਾਣਿਆਂ ਦੀ ਕੁਆਲਿਟੀ ਵੀ ਸਹੀ ਨਹੀਂ ਬਣੇਗੀ | ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੀਆਂ ਸੂਚਨਾਵਾਂ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਮੀਂਹ ਦੀ ਸੰਭਾਵਨਾ ਹੈ | ਜਿਸ ਕਰਕੇ ਕਿਸਾਨਾਂ ਵਿਚ ਸਹਿਮ ਬਣਿਆ ਹੋਇਆ ਹੈ |