ਫ਼ਿਰੋਜ਼ਪੁਰ,25 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਗੋਲ ਬਾਗ ਇਲਾਕੇ ਵਿਚ ਕਮੇਟੀ ਦੇ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ ਉਸ ਸਮੇਂ ਖੂਨੀ ਰੂਪ ਧਾਰ ਗਿਆ। ਜਦੋਂ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ਦੇ ਲੋਕਾਂ ’ਤੇ ਕਥਿਤ ਤੌਰ ’ਤੇ ਇੱਟਾਂ-ਰੋੜਿਆਂ ਅਤੇ ਕਹੀ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿਚ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਜ਼ਖਮੀ ਵਿਅਕਤੀ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਸਾਲੀ ਕਾਜਲ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਬੈਠਾ ਰੋਟੀ ਖਾ ਰਿਹਾ ਸੀ ਕਿ ਇਸੇ ਦੌਰਾਨ ਦੂਜੀ ਧਿਰ ਨੇ ਉਹਨਾਂ ਦੇ ਘਰੇ ਆ ਗਏ ਅਤੇ ਪਹਿਲਾਂ ਇੱਟਾਂ-ਰੋੜੇ ਮਾਰੇ ਗਏ। ਇਸ ਤੋਂ ਬਾਅਦ ਕਹੀ ਨਾਲ ਕੀਤੇ ਵਾਰ ਉਸ ਦੇ ਸਿਰ ’ਤੇ ਲੱਗੇ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਫਰੀਦਕੋਟ ਦੇ ਹਸਪਤਾਲ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਕਾਜਲ ਮੁਤਾਬਕ ਮ੍ਰਿਤਕ ਦੀ ਪਤਨੀ ਦੀ ਡਿਲੀਵਰੀ ਹੋਣ ਵਾਲੀ ਸੀ ਅਤੇ ਇਸੇ ਲਈ ਉਹ ਦੂਜੀ ਧਿਰ ਕੋਲੋਂ ਕਮੇਟੀ ਦੇ ਪੈਸੇ ਲੈਣ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੈਸੇ ਦੇਣ ਦੀ ਬਜਾਏ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮ੍ਰਿਤਕ ਦੀਆਂ ਚਾਰ ਕੁੜੀਆਂ ਅਤੇ ਇਕ ਮੁੰਡਾ ਹੈ ਅਤੇ ਉਸ ਦੀ ਪਤਨੀ ਦੀ ਡਿਲੀਵਰੀ ਨੇੜੇ ਹੈ। ਘਟਨਾ ਤੋਂ ਬਾਅਦ ਪੁਲਿਸ ਵਲੋਂ ਪਹਿਲਾਂ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜ਼ਖਮੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਧਾਰਾ 302 ਦਾ ਵਾਧਾ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਕਮੇਟੀ ਦੇ ਪੈਸਿਆਂ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਇਕ ਪਰਿਵਾਰ ਲਈ ਉਸ ਵੇਲੇ ਵੱਡਾ ਦੁੱਖ ਬਣ ਗਿਆ। ਜਦੋਂ ਕੁਝ ਪਲਾਂ ਦੀ ਤਕਰਾਰ ਅਤੇ ਕਥਿਤ ਹਮਲੇ ਨੇ ਇਕ ਵਿਅਕਤੀ ਦੀ ਜਾਨ ਹੀ ਲੈ ਲਈ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਕੀਲ ਮੁਖੀਆ ਪੁੱਤਰ ਨੀਮੋ ਮੁਖੀਆ ਵਾਸੀ ਬਿਹਾਰ ਹਾਲ ਅਬਾਦ ਗੋਲ ਬਾਗ਼ ਸੋਕੜ ਨਹਿਰ ਫਿਰੋਜ਼ਪੁਰ ਸ਼ਹਿਰ ਜਿਸ ਦਾ ਕਮੇਟੀਆਂ ਦੇ ਪੈਸਿਆਂ ਨੂੰ ਲੈਕੇ ਵਿਵਾਦ ਛਿੜਿਆ ਸੀ ਵਿਵਾਦ ਇੰਨਾ ਜਿਆਦਾ ਵੱਧ ਗਿਆ ਕਿ ਉਨ੍ਹਾਂ ਵਲੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਅਤੇ ਜੋ ਗੰਭੀਰ ਜ਼ਖਮੀ ਹੋ ਗਿਆ। ਜਿਸ ਦੀ ਇਲਾਜ ਦੌਰਾਨ ਅੱਜ ਸਵੇਰੇ ਮੌਤ ਹੋ ਗਈ। ਪੁਲਿਸ ਨੇ ਜੈ ਰਾਮ ਪੁੱਤਰ ਬਟਾਊ ਮੁਖੀਆ ਵਾਸੀ ਗੋਲ ਬਾਗ ਸੋਕੜ ਨਹਿਰ ਫਿਰੋਜ਼ਪੁਰ ਸ਼ਹਿਰ, ਸਚਿਨ, ਵਿਪਨ, ਪਵਨ ਅਤੇ ਗੋਬਿੰਦਾ ਵਾਸੀ ਨਾਮਲੂਮ ’ਤੇ 109, 333, 115 (2), 191 (3) ਬੀ.ਐਨ.ਐਸ. 307, 452, 323, 148, 149 ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁੱਕਦਮਾ ਨੰਬਰ 291 ਦਰਜ ਕੀਤਾ ਗਿਆ।
ਫਿਰੋਜ਼ਪੁਰ ’ਚ ਕਮੇਟੀ ਦੇ ਪੈਸਿਆਂ ਨੂੰ ਲੈ ਕੇ ਖੂਨੀ ਟਕਰਾਅ, ਇਲਾਜ ਦੌਰਾਨ ਹੋਈ ਮੌਤ
ਫ਼ਿਰੋਜ਼ਪੁਰ,25 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਗੋਲ ਬਾਗ ਇਲਾਕੇ ਵਿਚ ਕਮੇਟੀ ਦੇ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ ਉਸ ਸਮੇਂ ਖੂਨੀ ਰੂਪ ਧਾਰ ਗਿਆ। ਜਦੋਂ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ਦੇ ਲੋਕਾਂ ’ਤੇ ਕਥਿਤ ਤੌਰ ’ਤੇ ਇੱਟਾਂ-ਰੋੜਿਆਂ ਅਤੇ ਕਹੀ ਨਾਲ ਹਮਲਾ ਕਰ ਦਿੱਤਾ ਗਿਆ।
ਮ੍ਰਿਤਕ ਦੀ ਪੁਰਾਣੀ ਤਸਵੀਰ।
26-08-2026