ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)-ਜਨਗਣਨਾ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਸਕੂਲ ਆਫ ਐਮੀਨੈਂਸ ਵਿਖੇ ਤੀਸਰੇ ਫੇਜ਼ ਦੀ ਟਰੇਨਿੰਗ ਅੱਜ ਤੋਂ ਸ਼ੁਰੂ ਹੋ ਗਈ | ਇਸ ਟਰੇਨਿੰਗ ਦਾ ਨਿਰੀਖਣ ਸਬ ਡਵੀਜ਼ਨ ਗੁਰੂਹਰਸਹਾਏ ਦੇ ਐਸ.ਡੀ.ਐਮ.ਬੇਅੰਤ ਸਿੰਘ ਸਿੱਧੂ ਵਲੋਂ ਕੀਤਾ ਗਿਆ | ਇਹ ਟਰੇਨਿੰਗ 4, 5 ਅਤੇ 6 ਮਈ ਤੱਕ ਚੱਲੇਗੀ, ਜਿਸ 'ਚ ਹਰ ਬੈਚ 'ਚ ਲਗਭਗ 50 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਵਿਸਥਾਰ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਕਿਹਾ ਕਿ ਜਨਗਣਨਾ ਦੇਸ਼ ਅਤੇ ਸਰਕਾਰ ਲਈ ਇਕ ਮਹੱਤਵਪੂਰਨ ਪ੍ਰਕਿਰਿਆ ਹੈ | ਜਿਸ ਦੇ ਆਧਾਰ 'ਤੇ ਭਵਿੱਖ ਦੀਆਂ ਯੋਜਨਾਵਾਂ ਅਤੇ ਵਿਕਾਸ ਕਾਰਜ ਤਿਆਰ ਕੀਤੇ ਜਾਂਦੇ ਹਨ | ਉਨ੍ਹਾਂ ਟਰੇਨਿੰਗ ਲੈ ਰਹੇ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ | ਟਰੇਨਿੰਗ ਦੌਰਾਨ ਕਰਮਚਾਰੀਆਂ ਨੂੰ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨ, ਆਨਲਾਈਨ ਡਾਟਾ ਐਂਟਰੀ, ਰਿਕਾਰਡ ਸੰਭਾਲ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਜਨਗਣਨਾ ਕਰਨ ਬਾਰੇ ਜਾਣੂ ਕਰਵਾਇਆ ਗਿਆ | ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਜਨਗਣਨਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਕਰਮਚਾਰੀਆਂ ਨੂੰ ਪ੍ਰੈਕਟੀਕਲ ਅਤੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਫੀਲਡ ਟਰੇਨਰਾਂ ਵਜੋਂ ਪਰਵਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਕੰਬੋਜ, ਰਾਜ ਕੁਮਾਰ, ਗੁਰਮੀਤ ਸਿੰਘ ਅਤੇ ਗੁਰਨਾਮ ਸਿੰਘ,ਸੰਦੀਪ ਸ਼ਰਮਾ ਵਲੋਂ ਟਰੇਨਿੰਗ ਸੈਸ਼ਨ ਲਗਾਏ ਗਏ ਅਤੇ ਹਾਜ਼ਰ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਸੰਬੰਧੀ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ ਗਏ | ਅਧਿਕਾਰੀਆਂ ਅਨੁਸਾਰ 15 ਮਈ ਤੋਂ ਜਨਗਣਨਾ ਦਾ ਮੈਦਾਨੀ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਦੌਰਾਨ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਜਾਣਗੇ | ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਟੀਮਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਸਰਕਾਰੀ ਰਿਕਾਰਡ ਨੂੰ ਸਹੀ ਅੱਪਡੇਟ ਕੀਤਾ ਜਾ ਸਕੇ |