16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੀਤਾ ਮੰਡੀਆਂ ਦਾ ਦੌਰਾ

ਅਜੀਤ ਡੈਸਕ 15-04-2026
ਫਿਰੋਜ਼ਪੁਰ,14 ਅਪ੍ਰੈਲ(ਸੁਖਵਿੰਦਰ ਸਿੰਘ)-ਹਲਕਾ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਵਲੋਂ ਸ਼ਹਿਰ ਅਤੇ ਛਾਉਣੀ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਜਾਣਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਲਈ ਭਰੋਸਾ ਦਿਵਾਇਆ | ਆਸ਼ੂ ਬੰਗੜ ਨੇ ਕਿਹਾ ਕਿ ਜਿੱਥੇ ਇਕ ਪਾਸੇ ਸੂਬੇ ਭਰ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ | ਉੱਥੇ ਦੂਜੇ ਪਾਸੇ ਅੰਨਦਾਤੇ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਰਾਖੀ ਲਈ ਮੰਡੀਆਂ ਵਿਚ ਹੀ ਬੈਠਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਇਹ ਹਾਲਾਤ ਚਿੰਤਾਜਨਕ ਹਨ ਅਤੇ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਪੰਜਾਬ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਕਿਸਾਨ ਵਿਰੋਧੀ ਸਰਕਾਰ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਦਾ ਅੰਨਦਾਤਾ ਪਿਛਲੇ ਚਾਰ-ਪੰਜ ਦਿਨਾਂ ਤੋਂ ਮੰਡੀਆਂ ਵਿਚ ਰੁਲ ਰਿਹਾ ਹੈ, ਪਰ ਬਾਰਦਾਣਾ ਸਮੇਂ 'ਤੇ ਉਪਲਬਧ ਨਹੀਂ ਹੋ ਰਿਹਾ | ਉਨ੍ਹਾਂ ਅਪੀਲ ਕੀਤੀ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਬਾਰਦਾਣਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਕਣਕ ਦੀ ਤੁਰੰਤ ਤੁਲਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਕਿਸਾਨ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਬਾਰਦਾਣੇ ਦੀ ਕਮੀ ਕਾਰਨ ਫਸਲ ਦੀ ਸੰਭਾਲ ਅਤੇ ਵਿੱਕਰੀ ਵਿਚ ਵੱਡੀਆਂ ਰੁਕਾਵਟਾਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦ ਤੱਕ ਕਣਕ ਦੀ ਵਿੱਕਰੀ ਨਹੀਂ ਹੁੰਦੀ, ਤਦ ਤੱਕ ਨਾ ਕਿਸਾਨਾਂ ਨੂੰ ਸੁਖ ਮਿਲਦਾ ਹੈ ਅਤੇ ਨਾ ਹੀ ਮਾਰਕੀਟ ਨੂੰ ਲਾਭ ਪਹੁੰਚਦਾ ਹੈ | ਆਸ਼ੂ ਬੰਗੜ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਜਲਦ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਬਿਜਲੀ ਦਾ ਮੀਟਰ ਗੁੰਮ ਕਰਨ ਸੰਬੰਧੀ ਦਰਜ ਐੱਫ.ਆਈ.ਆਰ. ਵਿਚ ਪੁਲਿਸ ਨੂੰ ਧਾਰਾਵਾਂ 'ਚ ਵਾਧਾ ਕਰਨ ਦੀ ਹਦਾਇਤ ਅਗਲੀ ਖ਼ਬਰ ਤਲਵੰਡੀ ਭਾਈ ਵਿਖੇ ਵਿਧਾਇਕ ਦਹੀਯਾ ਵਲੋਂ ਪਹਿਲੀ ਬੋਲੀ ਲਗਵਾ ਕਣਕ ਦੀ ਖ਼ਰੀਦ ਦਾ ਰਸਮੀ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।