22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਾਬੇ ਸ਼ਹੀਦਾਂ ਦੇ ਕਬੱਡੀ ਟੂਰਨਾਮੈਂਟ 'ਚ ਵੈਰੋ ਕੇ ਟੀਮ ਦੀ ਰਹੀ ਚੜ੍ਹਤ

ਅਜੀਤ ਡੈਸਕ 02-04-2026
ਜ਼ੀਰਾ, 1 ਅਪ੍ਰੈਲ (ਹਰਜੀਤ ਸਿੰਘ ਗਿੱਲ)-ਜ਼ੀਰਾ ਨਾਲ ਲੱਗਦੇ ਪਿੰਡ ਗਾਦੜੀ ਵਾਲਾ ਵਿਖੇ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਸਾਲਾਨਾ ਜੋੜ ਮੇਲੇ ਉਪਰੰਤ ਬਾਬੇ ਸ਼ਹੀਦ ਸੇਵਾ ਸੋਸਾਇਟੀ ਵਲੋਂ ਪਿੰਡ ਗਾਦੜੀ ਵਾਲਾ, ਕੋਠੇ ਗਾਦੜੀ ਵਾਲਾ ਅਤੇ ਕਲਗ਼ੀਧਰ ਨਗਰ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਚੋਟੀ ਦੀਆਂ ਕਬੱਡੀ ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦੌਰਾਨ ਕਬੱਡੀ ਓਪਨ ਦੇ ਫਸਵੇਂ ਮੁਕਾਬਲਿਆਂ ਵਿਚ ਪਿੰਡ ਵੈਰੋ ਕੇ ਦੀ ਕਬੱਡੀ ਟੀਮ ਨੇ ਪਿੰਡ ਘੱਲ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਬੱਡੀ 40 ਸਾਲਾ ਦੇ ਸ਼ੋਅ ਮੈਚ ਦੌਰਾਨ ਜ਼ੀਰਾ, ਫ਼ਿਰੋਜ਼ਪੁਰ ਦੀ ਟੀਮ ਨੇ ਮੋਗਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਕਬੱਡੀ 60 ਸਾਲਾ ਦੇ ਸ਼ੋਅ ਮੈਚ ਅਤੇ ਹੋਰ ਵੀ ਕਈ ਰੋਚਕ ਖੇਡਾਂ ਕਰਵਾਈਆਂ ਗਈਆਂ | ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਐਨ.ਆਰ.ਆਈ ਭਰਾਵਾਂ ਵਲੋਂ ਅਹਿਮ ਯੋਗਦਾਨ ਪਾਇਆ ਗਿਆ | ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਿਧਾਇਕ ਨਰੇਸ਼ ਕਟਾਰੀਆ ਵਲੋਂ ਕੀਤੀ ਗਈ | ਇਸ ਦੌਰਾਨ ਵਿਧਾਇਕ ਨਰੇਸ਼ ਕਟਾਰੀਆ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਲਈ ਬੇਹੱਦ ਜ਼ਰੂਰੀ ਹਨ | ਉਹਨਾਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਪਿੰਡ ਪਿੰਡ ਹੋਣੇ ਚਾਹੀਦੇ ਹਨ ਤਾਂ ਕਿ ਸਾਡੇ ਨੌਜਵਾਨ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਪ੍ਰੇਰਿਤ ਹੋ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ | ਉਨ੍ਹਾਂ ਨੇ ਭਾਰੀ ਇਕੱਠ ਦੇ ਵਿਚ ਅਗਲੇ ਸਾਲ ਤੱਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸੀਪਾ ਗਿੱਲ ਅਤੇ ਬਾਬੇ ਸ਼ਹੀਦ ਸੇਵਾ ਸੋਸਾਇਟੀ ਦੇ ਅਹੁਦੇਦਾਰ, ਪਿੰਡ ਗਾਦੜੀਵਾਲਾ ਦੇ ਸਰਪੰਚ ਸਰਬਜੀਤ ਸਿੰਘ ਗਿੱਲ, ਪਿੰਡ ਕੋਠੇ ਗਾਦੜੀਵਾਲਾ ਦੇ ਸਰਪੰਚ ਸਤਨਾਮ ਸਿੰਘ ਗਿੱਲ, ਅੰਗਰੇਜ਼ ਸਿੰਘ ਬਰਾੜ ਫੇਰੋ ਕੇ ਅਤੇ ਇਲਾਕੇ ਦੇ ਪੰਚ ਸਰਪੰਚ ਤੇ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਵਿਚ ਮੇਦਾਂਤਾ-ਦ ਮੈਡਿਸਿਟੀ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਸੋਢੀਵਾਲਾ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।