ਮੰਡੀ ਅਰਨੀਵਾਲਾ, 29 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਬਲਾਕ ਦੇ ਪਿੰਡ ਚਿਰਾਗ਼ ਢਾਣੀ ਦੇ ਵਸਨੀਕ ਕਰਨਲ ਤਰਸੇਮ ਸਿੰਘ ਵੜੈਚ ਨੂੰ ਭਾਰਤੀ ਨੇਜਾਬਾਜ਼ੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ | ਉਹ ਚਾਰ ਮੈਂਬਰੀ ਭਾਰਤੀ ਨੇਜਾਬਾਜੀ ਦੀ ਟੀਮ ਨਾਲ ਵਰਲਡ ਕੱਪ ਕੁਆਲੀਫ਼ਾਈ ਰਾਊਾਡ 'ਚ ਹਿੱਸਾ ਲੈਣ ਲਈ ਜੋਰਡਨ ਦੇ ਅਕਾਬਾ ਸ਼ਹਿਰ ਪਹੁੰਚ ਗਏ ਹਨ | ਇਸ ਚਾਰ ਮੈਂਬਰੀ ਟੀਮ 'ਚ ਲਾਂਸ ਦਫ਼ੇਦਾਰ ਗਣੇਸ਼ ਬੋਗੇ, ਦਫ਼ੇਦਾਰ ਧੰਨਰਾਜ, ਨਾਇਕ ਸੰਦੀਪ ਕੁਮਾਰ ਤੇ ਏ. ਐੱਸ. ਆਈ. ਜਤਿੰਦਰ ਕੁਮਾਰ ਸ਼ਾਮਿਲ ਹਨ | ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਰਨਲ ਵੜੈਚ ਕੋਚ ਦੇ ਨਾਲ ਮੈਨੇਜਰ ਵੀ ਨਿਯੁਕਤ ਕੀਤੇ ਗਏ ਹਨ | ਇਹ ਮੁਕਾਬਲਾ ਜੋਰਡਨ ਦੀ ਅਕਾਬਾ ਸਿਟੀ ਵਿਚ ਹੋ ਰਿਹਾ ਹੈ | ਇਸ ਮੁਕਾਬਲੇ 'ਚ ਅੱਠ ਦੇਸ਼, ਜਿਨ੍ਹਾਂ ਵਿਚ ਕੁਵੈਤ, ਇੰਡੋਨੇਸ਼ੀਆ, ਸਊਦੀ ਅਰਬ, ਜਰਮਨੀ, ਅਲਜੀਰੀਆ ਤੇ ਨਾਰਵੇ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਕਰਨਲ ਤਰਸੇਮ ਸਿੰਘ ਵੜੈਚ ਚੋਟੀ ਤੇ ਨੇਜਾਬਾਜ ਅਤੇ ਪੋਲੋ ਖਿਡਾਰੀ ਹਨ | ਉਹ ਬਹੁਤ ਸਾਰੇ ਦੇਸ਼ਾਂ 'ਚ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਝੰਡਾ ਲਹਿਰਾ ਚੁੱਕੇ ਹਨ | ਉਨ੍ਹਾਂ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਰਲਡ ਕੱਪ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ |