ਵਿਧਾਇਕਾ ਭਰਾਜ ਵਲੋਂ ਸੰਗਰੂਰ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ
ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੀ ਰਹੇ ਮੌਜੂਦ
ਸੰਗਰੂਰ, 12 ਅਕਤੂਬਰ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਰੇੜੀ ਰੋਡ ’ਤੇ ਭੱਠਲ ਕਲੋਨੀ ਨੇੜੇ ਕਰੀਬ 7. 66 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਐੱਮ.
ਸੰਗਰੂਰ, 12 ਅਕਤੂਬਰ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਰੇੜੀ ਰੋਡ ’ਤੇ ਭੱਠਲ ਕਲੋਨੀ ਨੇੜੇ ਕਰੀਬ 7.66 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਐੱਮ.ਐੱਲ.ਡੀ. ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਹ ਪਲਾਂਟ ਰੋਜ਼ਾਨਾ 40 ਲੱਖ ਲੀਟਰ ਸੀਵਰੇਜ ਦੇ ਪਾਣੀ ਨੂੰ ਸੋਧਣ ਦੀ ਸਮਰੱਥਾ ਰੱਖਦਾ ਹੈ। ਪਲਾਂਟ ਵਿੱਚ ਸੋਧਿਆ ਪਾਣੀ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਪਾਣੀ ਦੀ ਮੁੜ ਵਰਤੋਂ ਨੂੰ ਉਤਸ਼ਾਹ ਮਿਲੇਗਾ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਲੂਵਾਲੀਆ ਦੀ ਮੌਜੂਦਗੀ ’ਚ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਵਿਧਾਇਕਾ ਭਰਾਜ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਨੂੰ ਬਿਨਾਂ ਸੋਧੇ ਛੱਡਣ ਦੀ ਬਜਾਏ ਉਸ ਨੂੰ ਸੋਧ ਕੇ ਵਰਤੋਂ ਵਿੱਚ ਲਿਆਉਣਾ ਇੱਕ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਰਾਹੀਂ ਸੀਵਰੇਜ ਦੇ ਪਾਣੀ ਦੀ ਸੋਧ ਨਾਲ ਪ੍ਰਦੂਸ਼ਣ ਘਟਾਉਣ ਅਤੇ ਗੰਦੇ ਪਾਣੀ ਦੇ ਸੁਚੱਜੇ ਪ੍ਰਬੰਧਨ ਵਿੱਚ ਮਦਦ ਮਿਲੇਗੀ। ਭਰਾਜ ਨੇ ਕਿਹਾ ਕਿ ਪਲਾਂਟ ਵਿੱਚ ਸੋਧੇ ਪਾਣੀ ਦੀ ਖੇਤਾਂ ਵਿੱਚ ਸਿੰਚਾਈ ਲਈ ਵਰਤੋਂ ਨਾਲ ਕਿਸਾਨਾਂ ਨੂੰ ਸਿੰਚਾਈ ਵਾਸਤੇ ਪਾਣੀ ਦਾ ਇੱਕ ਹੋਰ ਸਰੋਤ ਉਪਲਬਧ ਹੋਵੇਗਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਣੀ ਦੀ ਸੋਧ ਦੌਰਾਨ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਅਤੇ ਪਲਾਂਟ ਦੀ ਕਾਰਗੁਜ਼ਾਰੀ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ। ਭਰਾਜ ਨੇ ਸ਼ਹਿਰ ਵਾਸੀਆਂ ਨੂੰ ਵੀ ਸਫ਼ਾਈ ਬਣਾਈ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਲਾਸਟਿਕ, ਠੋਸ ਕੂੜਾ ਅਤੇ ਹੋਰ ਅਣਉਚਿਤ ਸਮੱਗਰੀ ਸੀਵਰੇਜ ਲਾਈਨਾਂ ਵਿੱਚ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ।