ਲੌਂਗੋਵਾਲ, 7 ਮਈ (ਪ. ਪ . ਰਾਹੀਂ) - ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ (ਸੰਗਰੂਰ) ਵਿੱਚ ਕਲੱਸਟਰ ਪੱਧਰੀ ਯੋਗਾ ਟਰਾਇਲਾਂ ਦਾ ਸ਼ੁਭ ਆਰੰਭ ਹੋ ਗਿਆ ਹੈ | ਇਸ ਖੇਡ-ਸੰਬੰਧੀ ਗਤੀਵਿਧੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨਵੋਦਿਆ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ | ਇਸ ਟਰਾਇਲ ਵਿੱਚ ਬਰਨਾਲਾ, ਪਟਿਆਲਾ, ਮੋਹਾਲੀ, ਚੰਡੀਗੜ੍ਹ, ਬਠਿੰਡਾ, ਮੋਗਾ, ਮੁਕਤਸਰ, ਰੋਪੜ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਸਮੇਤ 10 ਨਵੋਦਿਆ ਵਿਦਿਆਲਿਆਂ ਦੇ ਖਿਡਾਰੀ ਸ਼ਾਮਲ ਹੋਏ ਹਨ | ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਆਪਣੀ ਯੋਗ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਰਾਹੀਂ ਲੜਕਿਆਂ ਅਤੇ ਲੜਕੀਆਂ ਦੀ ਅੰਤਿਮ ਚੋਣ ਕੀਤੀ ਜਾਵੇਗੀ, ਜੋ ਅੱਗੇ ਖੇਤਰੀ ਯੋਗ ਮੁਕਾਬਲਿਆਂ ਵਿੱਚ ਭਾਗ ਲੈਣਗੇ | ਖੇਤਰੀ ਪੱਧਰ ਦੇ ਇਹ ਯੋਗਾ ਮੁਕਾਬਲੇ 11 ਮਈ ਤੋਂ ਇਸੇ ਵਿਦਿਆਲਿਆ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਵੀ ਵਿਦਿਆਰਥੀ ਹਿੱਸਾ ਲੈਣਗੇ | ਇਸ ਮੌਕੇ 'ਤੇ ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਵੱਲੋਂ ਬਾਹਰਲੇ ਜ਼ਿਲਿ੍ਹਆਂ ਤੋਂ ਪਹੁੰਚੇ ਸਾਰੇ ਭਾਗੀਦਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਵਾਈਸ ਪਿ੍ੰਸੀਪਲ ਮਨੀਸ਼ ਭਨੋਟ ਨੇ ਦੱਸਿਆ ਕਿ ਸਮਾਗਮ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਖਿਡਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ |