ਦਿੜ੍ਹਬਾ ਮੰਡੀ, 7 ਮਈ (ਹਰਬੰਸ ਸਿੰਘ ਛਾਜਲੀ) - ਪੰਜਾਬ ਸਰਕਾਰ ਦੀ ਮੇਰਾ ਘਰ ਮੇਰੇ ਨਾਂਅ ਮੁਹਿੰਮ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਪਿੰਡ ਰਾਮਪੁਰ ਗੁੱਜਰਾਂ ਵਿਖੇ 87 ਪਰਿਵਾਰਾਂ ਨੂੰ ਮਕਾਨਾਂ ਦੀ ਮਾਲਕੀ ਦੇ ਸਰਟੀਫਿਕੇਟ ਵੰਡੇ | ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕ ਹਮੇਸ਼ਾ ਹੀ ਘਰ ਦੀ ਮਾਲਕੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਸਨ | ਘਰ ਦਾ ਕਿਤੇ ਵੀ ਸਰਕਾਰੀ ਰਿਕਾਰਡ ਵਿੱਚ ਮਾਲਕੀ ਦਾ ਹੱਕ ਦਰਜ ਨਹੀਂ ਸੀ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਸਾਰੇ ਪੰਜਾਬ ਅੰਦਰ ਵਿਸ਼ੇਸ਼ ਸਰਵੇ ਕਰਵਾ ਕੇ ਜੋ ਪਰਿਵਾਰ ਲਾਲ ਲਕੀਰ ਦੇ ਅੰਦਰ ਰਹਿੰਦੇ ਸਨ ਨੂੰ ਮਕਾਨਾਂ ਸਬੰਧੀ ਨੰਬਰ ਲਗਾ ਕੇ ਮਾਲਕੀ ਦੇ ਹੱਕ ਦਿੱਤੇ ਗਏ ਹਨ | ਸ. ਚੀਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਜ਼ਰੂਰੀ ਕੰਮ ਲਈ ਲੋਨ ਲੈਣਾ ਹੈ ਤਾਂ ਲੋਨ ਸੌਖਿਆਂ ਮਿਲ ਜਾਵੇਗਾ | ਇਸ ਤੋਂ ਇਲਾਵਾ ਮਾਲਕ ਜੇਕਰ ਮਕਾਨ ਵੇਚ ਕੇ ਕਿਤੇ ਹੋਰ ਵੱਡਾ ਘਰ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਮੁੱਲ ਵੀ ਮਿਲ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ ਉੱਤੇ ਚੱਲ ਰਹੇ ਹਨ | ਖੇਤ ਨੂੰ ਨਹਿਰ ਦਾ ਪਾਣੀ ਲਾ ਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ | ਨਹਿਰੀ ਪਾਣੀ ਵਰਤਣ ਨਾਲ ਫ਼ਸਲ ਵੀ ਵੱਧ ਹੋਵੇਗੀ ਅਤੇ ਇਸ ਨਾਲ ਖਾਦ ਵੀ ਘੱਟ ਵਰਤਣੀ ਪਵੇਗੀ | ਇਸ ਮੌਕੇ ਐਸ.ਡੀ.ਐਮ. ਤਰਸੇਮ ਚੰਦ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਜਸਵੀਰ ਕੌਰ ਸ਼ੇਰਗਿਲ, ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਹਰਵਿੰਦਰ ਸਿੰਘ ਛਾਜਲੀ, ਬੀ.ਡੀ.ਪੀ.ਓ. ਦਿੜ੍ਹਬਾ ਪ੍ਰਦੀਪ ਸ਼ਾਰਦਾ, ਸਰਪੰਚ ਰਵਿੰਦਰ ਸਿੰਘ ਮਾਨ, ਰਣਜੀਤ ਸਿੰਘ ਆਦਿ ਵੀ ਮੌਜੂਦ ਸਨ |