ਲਹਿਰਾਗਾਗਾ, 7 ਮਈ (ਅਸ਼ੋਕ ਗਰਗ) - ਵਿੱਦਿਆ ਰਤਨ ਕਾਲਜ, ਖੋਖਰ ਕਲਾਂ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਆਧੁਨਿਕ ਸਟਿਚਿੰਗ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਲਹਿਰਾਗਾਗਾ ਦੀ ਕਲਾਸਿਕ ਕਲੈਕਸ਼ਨ ਤੋਂ ਮੈਡਮ ਅੰਮਿ੍ਤਪਾਲ ਕੌਰ ਅਤੇ ਸਮਰੱਥ ਬੁਟੀਕ ਤੋਂ ਮੈਡਮ ਪੁਸ਼ਪਿੰਦਰ ਕੌਰ ਨੇ ਇਸ ਲੈਬ ਦਾ ਉਦਘਾਟਨ ਕੀਤਾ | ਅਜੂਨੀ ਬੁਟੀਕ ਤੋਂ ਮੈਡਮ ਨਵਦੀਪ ਕੌਰ ਅਤੇ ਸਨਰਾਈਜ਼ ਬੁਟੀਕ ਇਸ ਮੌਕੇ ਮੌਜੂਦ ਸਨ | ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧ ਲਈ ਮੈਡਮ ਮਨਦੀਪ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਦੀ ਭੂਮਿਕਾ ਸ਼ਲਾਘਾਯੋਗ ਰਹੀ | ਕਾਲਜ ਦੇ ਪਿ੍ੰਸੀਪਲ ਡਾ. ਮਨਦੀਪ ਸ਼ਰਮਾ ਨੇ ਕਿਹਾ ਕਿ ਇਹ ਸਿਲਾਈ ਲੈਬ ਵਿਦਿਆਰਥੀਆਂ ਲਈ ਪ੍ਰੈਕਟੀਕਲ ਸਿੱਖਿਆ ਦਾ ਮਹੱਤਵਪੂਰਨ ਕੇਂਦਰ ਬਣੇਗੀ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ | ਕਾਲਜ ਦੇ ਚੇਅਰਮੈਨ ਚੈਰੀ ਗੋਇਲ ਅਤੇ ਐਮ.ਡੀ. ਹਿਮਾਂਸ਼ੂ ਗਰਗ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਸੁੰਦਰ ਡਿਜ਼ਾਈਨ ਅਤੇ ਸਿਲਾਈ ਦੇ ਨਮੂਨਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ | ਅੰਤ ਵਿਚ ਕਾਲਜ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਵਿਸ਼ਵਾਸ ਜਤਾਇਆ ਗਿਆ ਕਿ ਇਹ ਸਿਲਾਈ ਲੈਬ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ |