ਅਮਰਗੜ੍ਹ, 1 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪਿਛਲੇ ਕਰੀਬ 32 ਸਾਲਾਂ ਤੋਂ ਅਣਗੌਲੀ ਅਤੇ ਆਪਣੀ ਹੋਂਦ ਗੁਆ ਚੁੱਕੀ ਜੌੜੇਪੁਲ-ਬੱਬਨਪੁਰ ਨਹਿਰ ਕੰਢੇ ਬਣੀ ਸੜਕ ਦੇ ਦਿਨ ਹੁਣ ਫਿਰਨ ਵਾਲੇ ਹਨ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸੜਕ ਦੀ ਮੁੜ-ਉਸਾਰੀ ਦਾ ਵੱਡਾ ਫ਼ੈਸਲਾ ਲਿਆ ਹੈ | ਇਸ ਅਹਿਮ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡ ਮਾਹੋਰਾਣਾ ਵਿਖੇ ਰੱਖਿਆ ਗਿਆ | ਪ੍ਰੋ.ਗੱਜਣਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਤੇ ਲਗਭਗ ਸਾਢੇ 27 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਇਹ ਸੜਕ ਖੰਨਾ-ਜੌੜੇਪੁਲ ਤੋਂ ਧੂਰੀ-ਸੰਗਰੂਰ ਜਾਣ ਵਾਲੇ ਰਾਹਗੀਰਾਂ ਲਈ ਇੱਕ ਲਾਈਫ ਲਾਈਨ ਸਾਬਤ ਹੋਵੇਗੀ ਕਿਉਂਕਿ ਹੁਣ ਲੋਕਾਂ ਨੂੰ ਮਲੇਰਕੋਟਲਾ ਸ਼ਹਿਰ ਦੇ ਭੀੜ-ਭੜੱਕੇ ਵਿਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਇਸ ਨੂੰ ਬਾਈਪਾਸ ਵਜੋਂ ਵਰਤ ਸਕਣਗੇ |ਅਮਰਗੜ੍ਹ ਅਤੇ ਧੂਰੀ ਵਿਧਾਨ ਸਭਾ ਹਲਕਿਆਂ ਦੇ ਕਰੀਬ ਇੱਕ ਦਰਜਨ ਪਿੰਡਾਂ ਦੀ ਆਵਾਜਾਈ ਨੂੰ ਇਸ ਨਾਲ ਵੱਡਾ ਹੁਲਾਰਾ ਮਿਲੇਗਾ | ਵਿਧਾਇਕ ਨੇ ਆਖਿਆ ਕਿ ਲੋਕਾਂ ਦੀ ਇਹ ਚਿਰੋਕਣੀ ਮੰਗ ਅੱਜ ਪੂਰੀ ਹੋਈ ਹੈ | ਇਹ ਸੜਕ ਸਿਰਫ਼ ਰਸਤਾ ਨਹੀਂ, ਸਗੋਂ ਦੋਵਾਂ ਹਲਕਿਆਂ ਦੇ ਵਿਕਾਸ ਦਾ ਨਵਾਂ ਦਰਵਾਜ਼ਾ ਹੈ | ਪਿਛਲੀਆਂ ਸਰਕਾਰਾਂ ਨੇ ਜਿਸ ਰਸਤੇ ਨੂੰ ਵਿਸਾਰ ਦਿੱਤਾ ਸੀ, ਅਸੀਂ ਉਸ ਨੂੰ ਆਧੁਨਿਕ ਰੂਪ ਵਿਚ ਮੁੜ ਬਹਾਲ ਕਰ ਰਹੇ ਹਾਂ | ਇਸ ਮੌਕੇ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਵਿਧਾਇਕ ਪ੍ਰੋ.ਗੱਜਣਮਾਜਰਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ ਅਮਰਗੜ੍ਹ, ਪ੍ਰਧਾਨ ਜਗਦੀਸ਼ ਸਿੰਘ ਦੀਸਾ ਝੱਲ, ਨੰਬਰਦਾਰ ਜਗਦੀਪ ਸਿੰਘ ਸਲਾਰ, ਗੁਰਪ੍ਰੀਤ ਸਿੰਘ ਬਨਭੌਰਾ, ਹਰਦੀਪ ਸਿੰਘ ਸਲਾਰ, ਜਗਵੀਰ ਸਿੰਘ ਰੋਸੀ ਤੋਲੇਵਾਲ, ਕੌਂਸਲਰ ਸਰਦਾ ਰਾਮ, ਰਜਿੰਦਰ ਸਿੰਘ ਹੈਪੀ, ਜਸਵਿੰਦਰ ਸਿੰਘ ਜੱਸੀ ਅਤੇ ਗੁਰਵੀਰ ਸਿੰਘ ਗੁਰੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |