ਮਲੇਰਕੋਟਲਾ, 1 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਸੂਬੇ ਦੇ ਅੰਦਰ ਕੁਝ ਦਿਨਾਂ ਨੂੰ ਕਣਕ ਦੀ ਵਢਾਈ ਸ਼ੁਰੂ ਹੋ ਜਾਣੀ ਹੈ ਪਰ ਬੀਤੇ ਕੱਲ੍ਹ 'ਖ਼ਤਰਨਾਕ ਮੌਸਮੀ ਗੜਬੜ' ਨੇ ਸੂਬੇ ਦੀ ਕਿਸਾਨੀ ਨੂੰ ਚਿੰਤਾਵਾਂ ਦੇ ਡੂੰਘੇ ਸਮੁੰਦਰ ਅੰਦਰ ਗੋਤੇ ਖਾਣ ਲਈ ਮਜਬੂਰ ਕਰ ਦਿੱਤਾ ਹੈ | ਲੰਘੀ ਰਾਤ ਮੀਂਹ ਤੇ ਤੇਜ਼ ਹਨੇਰੀ ਨੇ ਵੱਡੀ ਪੱਧਰ 'ਤੇ ਕਣਕ ਦੀ ਪੱਕੀ ਫ਼ਸਲ ਨੂੰ ਜ਼ਮੀਨ ਤੇ ਵਿਛਾ ਦਿੱਤਾ | ਜ਼ਿਲ੍ਹਾ ਮਲੇਰਕੋਟਲਾ ਦੇ ਕਈ ਇਲਾਕਿਆਂ ਅੰਦਰ ਹਲਕੇ ਮੀਂਹ ਤੇ ਤੇਜ਼ ਹਨੇਰੀ ਦੇ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਣ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾਕਟਰ ਪਰਮਜੀਤ ਸਿੰਘ ਗੁਆਰਾ, ਜਥੇਦਾਰ ਸ਼ੇਰ ਸਿੰਘ ਤੇ ਜਰਨੈਲ ਸਿੰਘ ਭੋਗੀਵਾਲ ਸਣੇ ਕਈ ਕਿਸਾਨਾਂ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਬਦਲ ਰਿਹਾ ਮੌਸਮ ਕਿਸਾਨ ਵਰਗ ਦੇ ਲਈ ਕੋਈ ਸੁੱਖ ਦਾ ਸੁਨੇਹਾ ਲੈ ਕੇ ਨਹੀਂ ਆਉਂਦਾ | ਹੁਣ ਜਦ ਕਰੀਬ 15 ਅਪ੍ਰੈਲ ਤੋਂ ਬਾਅਦ ਅਗਲੇ ਕੁਝ ਦਿਨਾਂ ਨੂੰ ਕਣਕ ਦੀ ਫ਼ਸਲ ਕਿਉਂਟੀ ਜਾਣੀ ਹੈ ਤਾਂ ਕਦੇ ਵੱਧ ਰਿਹਾ ਤਾਪਮਾਨ ਕਿਸਾਨੀ ਲਈ ਖ਼ਤਰੇ ਦੀ ਘੰਟੀ ਸਾਬਤ ਹੁੰਦਾ ਹੈ ਤੇ ਕਦੇ ਤੇਜ਼ ਹਨੇਰੀ ਕਣਕ ਦੀ ਪੱਕੀ ਫ਼ਸਲ ਦਾ ਨੁਕਸਾਨ ਕਰ ਦਿੰਦੀ ਹੈ ਜਿਸ ਕਾਰਨ ਫ਼ਸਲ ਦੇ ਝਾੜ ਘਟਣ ਦਾ ਖ਼ਦਸ਼ਾ ਹੈ | ਬੀਤੀ ਰਾਤ ਇੱਕ ਵਾਰ ਫਿਰ ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਸਾਨ ਵਰਗ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ | ਬਹੁਤ ਸਾਰੇ ਖੇਤਾਂ ਅੰਦਰ ਪਹਿਲਾਂ ਤੋਂ ਹੀ ਡਿਗਿ ਪਈ ਪੱਕੀ ਕਣਕ ਨੂੰ ਤੇਜ਼ ਹਨੇਰੀ ਨੇ ਬੁਰੀ ਤਰ੍ਹਾਂ ਉਲਝਾ ਦਿੱਤਾ | ਸ਼ਾਮ ਤੋਂ ਸ਼ੁਰੂ ਹੋਈ ਹਨੇਰੀ ਤੇ ਹਲਕਾ ਮੀਂਹ ਅੱਧੀ ਰਾਤ ਤੱਕ ਕਿਸਾਨ ਭਾਈਚਾਰੇ ਦੇ 'ਸੀਨਿਆਂ ਅੰਦਰ ਛੇਕ' ਪਾਉਂਦਾ ਰਿਹਾ | ਕਈ ਪਿੰਡਾਂ ਅੰਦਰ ਹਲਕੀ ਗੜੇਮਾਰੀ ਵੀ ਵੇਖੀ ਗਈ | ਮੌਜੂਦਾ ਸਮੇਂ ਕਣਕ ਦੀ ਫ਼ਸਲ ਪੱਕੀ ਹੋਣ ਕਾਰਨ ਥੋੜੀ ਜਿਹੀ ਤੇਜ਼ ਹਵਾ ਦੇ ਕਾਰਨ ਹੀ ਜ਼ਮੀਨ ਤੇ ਵਿਛਣ ਲੱਗਦੀ ਹੈ | ਕਿਸਾਨਾਂ ਨੇ ਆਖਿਆ ਕਿ ਅੰਨਦਾਤਾ ਤਾਂ ਪਹਿਲਾਂ ਹੀ ਮੁਸ਼ਕਲਾਂ ਦੇ ਵਿਚ ਘਿਰਿਆ ਹੋਣ ਕਰ ਕੇ ਉੱਪਰੋਂ ਕੁਦਰਤ ਦੀ ਕਰੋਪੀ ਦੀ ਦੋਹਰੀ ਮਾਰ ਦਾ ਸਾਹਮਣਾ ਕਰ ਰਿਹਾ ਹੈ | ਸਬਜ਼ੀ ਦੀ ਕਾਸਤ ਕਰਨ ਵਾਲਾ ਕਿਸਾਨ ਭਾਈਚਾਰਾ ਵੀ ਮੌਸਮ ਦੀ ਮਾਰ ਤੋਂ ਬੇਹੱਦ ਪ੍ਰਭਾਵਿਤ ਹੋ ਚੁੱਕਿਐ | ਜੋ ਕੁਝ ਪਿਛਲੇ ਸਮੇਂ ਆਲੂ ਦੀ ਫ਼ਸਲ ਨਾਲ ਹੋਇਆ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ | ਬਹੁਤੇ ਕਿਸਾਨ ਪਰਿਵਾਰਾਂ ਦੇ ਸਿਰ ਆਏ ਦਿਨ ਕਰਜ਼ੇ ਦੀ ਭਾਰੀ ਪੰਡ ਦੇ ਕਾਰਨ ਉਨ੍ਹਾਂ ਲਈ ਮੁਸ਼ਕਲਾਂ ਦੇ ਦੌਰ ਦੀ 'ਦਰਦ ਕਹਾਣੀ' ਵਧਦੀ ਹੀ ਜਾ ਰਹੀ ਹੈ | ਕਿਸਾਨਾਂ ਵਲੋਂ ਖੇਤੀ ਸੈਕਟਰ ਲਈ ਹਰ ਵਰ੍ਹੇ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਲਾਗਤ ਪੱਲੇ ਪੈਂਦੀ ਨਜ਼ਰ ਨਹੀਂ ਆ ਰਹੀ ਜਿਸ ਦੇ ਕਾਰਨ ਕਿਸਾਨੀ ਦਾ ਲੱਕ ਟੁੱਟ ਰਿਹਾ ਪ੍ਰਤੀਤ ਹੁੰਦਾ ਹੈ |