ਮਸਤੂਆਣਾ ਸਾਹਿਬ, 18 ਫਰਵਰੀ (ਦਮਦਮੀ)-ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦੇ ਅੱਜ ਤੀਜੇ ਦਿਨ ਖੇਡਾਂ ਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਰਿਹਾ | ਅੱਜ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪਹੁੰਚੇ ਮਹਿਮਾਨਾਂ ਦਾ ਅਕਾਲ ਕਾਲਜ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਵਿਚ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਕੌਂਸਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਗੀਤਾ ਠਾਕੁਰ ਤੋਂ ਇਲਾਵਾ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸੀਨੀਅਰ ਕੌਂਸਲ ਮੈਂਬਰ ਬਲਦੇਵ ਸਿੰਘ ਭੰਮਾਬੱਦੀ, ਐਡਵੋਕੇਟ ਮਨਜੀਤ ਸਿੰਘ ਵਾਲੀਆਂ, ਗੁਰਜੰਟ ਸਿੰਘ ਦੁੱਗਾਂ, ਸੁਖਵਿੰਦਰ ਸਿੰਘ ਭੱਠਲ, ਪਿ੍ੰਸੀਪਲ ਵਿਜੇ ਪਲਾਹਾ, ਡਾ ਗੁਰਸ਼ਰਨ ਸਿੰਘ ਗਿੱਲ ਡਾਇਰੈਕਟਰ ਏ.ਆਈ.ਜੀ., ਡਾ. ਜਤਿੰਦਰ ਦੇਵ, ਹਰਪ੍ਰੀਤ ਸਿੰਘ ਪੰਜਾਬ ਪੁਲਿਸ, ਡਾ. ਸੁਖਜੀਤ ਸਿੰਘ, ਡਾ. ਅਮਨਦੀਪ ਕੌਰ, ਡਾ. ਹਰਜਿੰਦਰ ਸਿੰਘ, ਡਾ. ਰਣਧੀਰ ਸ਼ਰਮਾ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੋਹਨਦੀਪ ਸਿੰਘ, ਪ੍ਰੋ. ਸੁੱਖੀ ਮਾਨ ਸਮੇਤ ਫਿਜ਼ੀਕਲ ਕਾਲਜ ਦੇ ਸਟਾਫ਼ ਮੈਂਬਰ ਮੌਜੂਦ ਸਨ | ਇਸ ਮੌਕੇ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਬਾਰੇ ਗੱਲਬਾਤ ਕਰਦਿਆਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅਕਾਲ ਕਾਲਜ ਕੌਂਸਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਸ਼ਾਨਦਾਰ ਉਪਰਾਲੇ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਅਕਾਲ ਕਾਲਜ ਕੌਂਸਲ ਦੇ ਸਮੂਹ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ | ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 3000 ਦੇ ਕਰੀਬ ਖੇਡ ਸਟੇਡੀਅਮ ਵੱਖ-ਵੱਖ ਪਿੰਡਾਂ ਦੇ ਵਿਚ ਬਣਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਗਾਮੀ ਬਜਟ ਵਿਚ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ | ਉਨ੍ਹਾਂ ਅਕਾਲ ਕਾਲਜ ਕੌਂਸਲ ਵਲੋਂ ਖੇਡਾਂ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਅੱਜ ਦੇ ਸੈਸ਼ਨ ਵਿਚ ਹੋਏ ਸਖ਼ਤ ਮੁਕਾਬਲਿਆਂ ਵਿਚ ਪਹਿਲੇ ਸੈਸ਼ਨ ਵਿਚ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ (ਹਿਮਾਚਲ ਪ੍ਰਦੇਸ਼) ਨੇ ਕਲਸਟਰ ਯੂਨੀਵਰਸਿਟੀ ਜੰਮੂ ਨੂੰ 18-9 ਦੇ ਵੱਡੇ ਫ਼ਰਕ ਨਾਲ ਹਰਾਇਆ | ਜਦੋਂਕਿ ਕੇ. ਯੂ. ਕੁਰੁਕਸ਼ੇਤਰਾ ਯੂਨੀਵਰਸਿਟੀ ਨੇ ਕੁਮਾਨ ਯੂਨੀਵਰਸਿਟੀ ਨੈਨੀਤਾਲ ਨੂੰ 35-24 ਦੇ ਫ਼ਰਕ ਨਾਲ, ਐਲ.ਪੀ. ਯੂਨੀਵਰਸਿਟੀ ਫਗਵਾੜਾ ਨੇ ਸੀ. ਡੀ. ਐਲ. ਯੂਨੀਵਰਸਿਟੀ ਸਿਰਸਾ ਨੂੰ 26-17 ਦੇ ਫ਼ਰਕ ਨਾਲ, ਐਮ.ਡੀ. ਯੂਨੀਵਰਸਿਟੀ ਰੋਹਤਕ ਨੇ ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਰਾਏ ਸੋਨੀਪਤ ਨੂੰ 29-22 ਦੇ ਫ਼ਰਕ ਨਾਲ ਹਰਾਇਆ | ਇਸੇ ਤਰ੍ਹਾਂ ਸ਼ਾਮ ਦੇ ਦੂਸਰੇ ਸੈਸ਼ਨ ਵਿਚ ਐਚ. ਪੀ. ਯੂਨੀਵਰਸਿਟੀ ਸ਼ਿਮਲਾ ਨੇ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਨੂੰ 26-19 ਦੇ ਫ਼ਰਕ ਨਾਲ, ਜੀ. ਐਨ. ਡੀ. ਯੂਨੀਵਰਸਿਟੀ ਅੰਮਿ੍ਤਸਰ ਨੇ ਕੇ. ਯੂਨੀਵਰਸਿਟੀ ਕੁਰੁਕਸ਼ੇਤਰਾ ਨੂੰ 38-36 ਦੇ ਫ਼ਰਕ ਨਾਲ, ਯੂਨੀਵਰਸਿਟੀ ਪਟਿਆਲਾ ਨੇ ਐਮ ਡੀ ਰੋਹਤਕ ਨੂੰ 23-07 ਦੇ ਵੱਡੇ ਫ਼ਰਕ ਨਾਲ, ਐਲ. ਪੀ. ਯੂਨੀਵਰਸਿਟੀ ਫਗਵਾੜਾ ਨੇ ਸੀ.ਆਰ.ਐਸ. ਯੂਨੀਵਰਸਿਟੀ ਜੀਂਦ ਨੂੰ 24-14 ਦੇ ਫ਼ਰਕ ਨਾਲ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ |