11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੰਗਰੂਰ ਦੇ ਉੱਪਲੀ ਫਾਟਕਾਂ ਨੇੜੇ ਸਕੂਲੀ ਬੱਸ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ

ਅਜੀਤ ਡੈਸਕ 30-01-2026
ਸੰਗਰੂਰ, 29 ਜਨਵਰੀ (ਦਮਨਜੀਤ ਸਿੰਘ)-ਸਥਾਨਕ ਉੱਪਲੀ ਰੋਡ ਸਥਿਤ ਰੇਲਵੇ ਫਾਟਕਾਂ ਨੇੜੇ ਅੱਜ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸ਼ਹਿਰ ਸੰਗਰੂਰ ਦੇ ਇਕ ਨਿੱਜੀ ਸਕੂਲ ਦੀ ਬੱਸ ਸਵੇਰ ਸਮੇਂ ਉੱਪਲੀ ਰੋਡ ਤੋਂ ਬੱਚਿਆਂ ਨੂੰ ਲੈਣ ਗਈ ਹੋਈ ਸੀ ਤਾਂ ਬੱਸ ਡਰਾਈਵਰ ਤੋਂ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸੜਕ ਦੇ ਕਿਨਾਰੇ ਲੱਗੇ ਇਕ ਬਿਜਲੀ ਦੇ ਖੰਭੇ ਵਿਚ ਜਾ ਲੱਗੀ | ਹਾਦਸੇ ਦੌਰਾਨ ਬੱਸ 'ਚ ਮੌਜੂਦ ਇਕ ਦਰਜਨ ਦੇ ਕਰੀਬ ਸਕੂਲੀ ਬੱਚਿਆਂ ਤੇ ਡਰਾਈਵਰ ਦਾ ਭਾਵੇਂ ਕੋਈ ਨੁਕਸਾਨ ਨਹੀਂ ਹੋਇਆ ਪਰ ਬੱਸ ਦੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਬਿਜਲੀ ਦਾ ਖੰਭਾ ਟੁੱਟ ਕੇ ਸੜਕ 'ਤੇ ਡਿਗ ਗਿਆ, ਜਿਸ ਨਾਲ ਬਿਜਲੀ ਦੀ ਚਾਲੂ ਮੇਨ ਲਾਈਨ ਵੀ ਸੜਕ 'ਤੇ ਆ ਪਈ | ਹਾਦਸੇ ਸਮੇਂ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਸੂਝ-ਬੂਝ ਨਾਲ ਕੰਮ ਲੈਂਦਿਆਂ ਬਿਜਲੀ ਦਾ ਟਰਾਂਸਫ਼ਾਰਮਰ ਨੇੜੇ ਲੱਗਿਆ ਸਵਿੱਚ ਬੰਦ ਕਰ ਦਿੱਤਾ ਜਿਸ ਨਾਲ ਸੜਕ 'ਤੇ ਪਈਆਂ ਹਾਈ ਵੋਲਟੇਜ ਤਾਰਾਂ ਵਿਚੋਂ ਕਰੰਟ ਖ਼ਤਮ ਹੋ ਗਿਆ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ | ਘਟਨਾ ਸੰਬੰਧੀ ਥਾਣਾ ਸਿਟੀ-1 ਦੇ ਮੁਖੀ ਯੋਗੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਇਸ ਮਾਮਲੇ ਸੰਬੰਧੀ ਕੋਈ ਸੂਚਨਾ ਆਈ ਹੈ ਅਤੇ ਨਾ ਹੀ ਕਿਸੇ ਵਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਪਰ ਜਾਣਕਾਰੀ ਮੁਤਾਬਿਕ ਕਿਸੇ ਵੀ ਸਕੂਲੀ ਬੱਚੇ ਜਾਂ ਰਾਹਗੀਰ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ |
ਪਿਛਲੀ ਖ਼ਬਰ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।