ਸ਼ੇਰਪੁਰ, 29 ਜਨਵਰੀ (ਮੇਘ ਰਾਜ ਜੋਸ਼ੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਪਿੰਡਾਂ ਤੇ ਸ਼ਹਿਰਾਂ 'ਚ ਸਥਾਪਿਤ ਸਬ ਸੈਂਟਰਾਂ ਤੇ ਮਪਹਵ ਮੇਲ ਫੀਮੇਲ ਦੀਆਂ ਨਵੀਆਂ ਹੋਰ ਅਸਾਮੀਆਂ ਸੈਕਸ਼ਨ ਕਰਨ ਦੀ ਮੰਗ ਉਠਾਈ ਗਈ ਹੈ | ਇਸ ਬਾਰੇ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਤੇ ਸੂਬਾ ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮਿ੍ਤਸਰ, ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਰਿਖੀ ਪੰਜਗਰਾਈਆਂ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੂਬਾ ਆਗੂ ਰਣਧੀਰ ਸਿੰਘ, ਸੂਬਾ ਆਗੂ ਨੀਰਜ ਸ਼ਰਮਾ ਅਤੇ ਸੂਬਾ ਆਗੂ ਜਗਤਾਰ ਸਿੰਘ ਮਲੇਰਕੋਟਲਾ ਨੇ ਕਿਹਾ ਕੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਬ ਸੈਂਟਰ ਸਿਹਤ ਵਿਭਾਗ ਦੀ ਸਭ ਤੋਂ ਹੇਠਲੀ ਅਤੇ ਮਜ਼ਬੂਤ ਕੜੀ ਹਨ ਅਤੇ ਇਕ ਸਬ ਸੈਂਟਰ ਦੀ ਰਚਨਾ ਪੰਜ ਹਜ਼ਾਰ ਦੀ ਆਬਾਦੀ 'ਤੇ ਹੋਈ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਹ ਸਬ ਸੈਂਟਰ ਉਸੇ ਤਰ੍ਹਾਂ ਚੱਲਦੇ ਆ ਰਹੇ ਹਨ ਜਦਕਿ ਬਹੁਤੇ ਥਾਵੇਂ ਇਹ ਆਬਾਦੀ ਵਧ ਕਿ ਦੁੱਗਣੀ ਤਿਗਣੀ ਹੋ ਗਈ ਹੈ ਪਰ ਵਿਭਾਗ ਵਲੋਂ ਉਸੇ ਤਰ੍ਹਾਂ ਕੰਮ ਚਲਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਵਿਭਾਗ ਵਲੋਂ ਵੱਧ ਆਬਾਦੀ ਵਾਲੇ ਥਾਵੇਂ ਨਵੇਂ ਸਬ ਸੈਂਟਰ ਬਣਾਏ ਜਾਣ ਅਤੇ ਮਪਹਵ ਮੇਲ ਫੀਮੇਲ ਦੀਆਂ ਨਵੀਆਂ ਅਸਾਮੀਆਂ ਸੈਕਸ਼ਨ ਕੀਤੀਆਂ ਜਾਣ ਤਾਂ ਜੋ ਆਬਾਦੀ ਦੇ ਹਿਸਾਬ ਨਾਲ ਕੰਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਵੀ ਪਿਛਲੇ ਲੰਬੇ ਸਮੇਂ ਤੋਂ ਮਪਹਵ ਮੇਲ ਫੀਮੇਲ ਦੀਆਂ ਪੋਸਟਾਂ ਸੈਕਸ਼ਨ ਨਹੀਂ ਕੀਤੀਆਂ ਗਈਆਂ ਤੇ ਹਜ਼ਾਰਾਂ ਦੀ ਆਬਾਦੀ ਦੇ ਇਕ ਇਕ ਮਪਹਵ ਮੇਲ ਫੀਮੇਲ ਵਲੋਂ ਕੰਮ ਕੀਤਾ ਜਾ ਰਿਹਾ ਹੈ ਅਜਿਹੇ 'ਚ ਜਿਥੇ ਮੁਲਾਜ਼ਮਾਂ ਨਾਲ ਧੱਕਾ ਹੈ ਉਥੇ ਹੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ 'ਤੇ ਵੀ ਅਸਰ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਮਾਮਲੇ ਵਿਚ ਜਲਦੀ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਥੇਬੰਦੀ ਇਸ ਮਾਮਲੇ ਨੂੰ ਸੂਬਾ ਪੱਧਰ 'ਤੇ ਲੈ ਕੇ ਜਾਵੇਗੀ ਤੇ ਸੰਘਰਸ਼ ਕਰੇਗੀ |