ਬਠਿੰਡਾ, 29 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਨਾਲ ਸੰਬੰਧਿਤ ਕੁਝ ਠੇਕੇਦਾਰਾਂ ਵਲੋਂ ਨਿਗਮ ਦੇ ਟੈਂਡਰਾਂ ਦੀ ਅਲਾਟਮੈਂਟ ਵਿਚ ਸੰਬੰਧਿਤ ਅਧਿਕਾਰੀਆਂ 'ਤੇ ਪੱਖਪਾਤ ਕਰਨ ਅਤੇ ਨਿਗਮ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ | ਉਨ੍ਹਾਂ ਨੇ ਨਿਗਮ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਠੇਕੇਦਾਰ ਹਾਕਮ ਸਿੰਘ, ਸੰਜੀਵ ਕੁਮਾਰ, ਜਸਵਿੰਦਰਪਾਲ, ਸੁਖਵੰਤ ਸਿੰਘ, ਸੀਤਾ ਰਾਮ, ਦਵਿੰਦਰ ਕੁਮਾਰ ਆਦਿ ਨੇ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਬਠਿੰਡਾ ਅਧੀਨ ਠੇਕੇਦਾਰੀ ਦਾ ਕੰਮ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੇ ਇੰਟਰਲਾਕ ਟਾਇਲਾਂ ਦੇ ਕੰਮ ਦੇ ਰੇਟ 20 ਤੋਂ 25 ਫ਼ੀਸਦੀ ਘਟ ਕੇ ਆਉਂਦੇ ਸਨ ਤੇ ਇਸ ਤੋਂ ਪਿਛਲੇ ਟੈਂਡਰ ਉਨ੍ਹਾਂ ਨੇ 12 ਤੋਂ 15 ਫ਼ੀਸਦੀ ਘੱਟ ਰੇਟਾਂ 'ਤੇ ਪਾਏ ਸਨ | ਉਨ੍ਹਾਂ ਕਿਹਾ ਕਿ ਨਿਗਮ ਵਲੋਂ 16 ਜਨਵਰੀ ਨੂੰ ਲਗਾਏ ਗਏ ਟੈਂਡਰਾਂ ਦੀ ਨੈਗੋਸੀਏਸ਼ਨ ਕਰਨ ਤਹਿਤ ਸਾਨੂੰ ਟੈਂਡਰਾਂ ਦੇ ਰੇਟ 20 ਤੋਂ 25 ਫ਼ੀਸਦੀ ਤੱਕ ਘੱਟ ਕਰਨ ਲਈ ਕਿਹਾ ਗਿਆ ਤੇ ਅਜਿਹਾ ਨਾ ਕਰਨ 'ਤੇ ਟੈਂਡਰ ਰੱਦ ਕਰਨ ਦੀ ਚਿਤਾਵਨੀ ਦਿੱਤੀ ਗਈ, ਜਿਸ ਤੋਂ ਡਰਦਿਆਂ ਉਨ੍ਹਾਂ ਨੇ ਉਕਤ ਫ਼ੀਸਦੀ ਘਟਾ ਦਿੱਤੀ ਪਰ ਹੁਣ ਨਿਗਮ ਵਲੋਂ ਸਾਨੂੰ ਬਾਹਰ ਕਰਨ ਲਈ ਵੱਡੇ ਟੈਂਡਰ ਲਗਾ ਕੇ ਇਨ੍ਹਾਂ ਵਿਚ ਪ੍ਰੀਮਿਕਸ ਅਤੇ ਇੰਟਰਲਾਕ ਟਾਇਲਾਂ ਦਾ ਕੰਮ ਜਾਣਬੁੱਝ ਕੇ ਸ਼ਾਮਿਲ ਕਰ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਏ ਕਿ ਨਿਗਮ ਦੇ ਕੁਝ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਇਹ ਟੈਂਡਰ ਆਪਣੇ ਚਹੇਤਿਆਂ ਨੂੰ ਫੁੱਲ ਰੇਟ ਉਪਰ ਅਲਾਟ ਕਰ ਦਿੱਤੇ ਹਨ, ਜਿਸ ਨਾਲ ਨਿਗਮ ਨੂੰ ਡੇਢ ਤੋਂ 2 ਕਰੋੜ ਰੁਪਏ ਤੱਕ ਦਾ ਚੂਨਾ ਲਗਾਇਆ ਗਿਆ ਹੈ | ਉਨ੍ਹਾਂ ਕਮਿਸ਼ਨਰ ਤੋਂ ਮੰਗ ਕੀਤੀ ਕਿ ਉੱਕਤ ਟੈਂਡਰਾਂ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਅਤੇ ਸਬੰਧਿਤ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਟੈਂਡਰਾਂ ਦੇ ਰੇਟ 20 ਫ਼ੀਸਦੀ ਘੱਟ ਕਰਵਾਏ ਜਾਣ, ਨਹੀਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਪਰ ਨਿਗਮ ਵਲੋਂ ਬੀਤੀ 16 ਜਨਵਰੀ ਨੂੰ ਜੋ ਵੱਖ-ਵੱਖ ਟੈਂਡਰ ਲਗਾਏ ਗਏ ਹਨ, ਉਨ੍ਹਾਂ ਵਿਚ 8 ਤੋਂ 10 ਕਰੋੜ ਰੁਪਏ ਦਾ ਇੰਟਰਲਾਕ ਟਾਈਲਾਂ ਦਾ ਕੰਮ ਸੀ |